ਜੀ-20 ਸੰਮੇਲਨ ਅੰਮ੍ਰਿਤਸਰ ‘ਚ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਬੰਧੀ ਅਫਵਾਹਾਂ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ‘ਚ 15, 17 ਅਤੇ 19, 20 ਮਾਰਚ ਨੂੰ ਹੋਣ ਵਾਲੇ ਜੀ-20 ਸੰਮੇਲਨ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਮਾਗਮ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਅੰਮ੍ਰਿਤਸਰ ‘ਚ ਹੋਣ ਵਾਲੇ ਜੀ-20 ਸੰਮੇਲਨ ਦੇ ਕਾਰਜਕਾਰੀ ਸੈਸ਼ਨਾਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਮੌਕਾ ਹੈ ਕਿ ਸੂਬੇ ‘ਚ ਅਜਿਹਾ ਵੱਡਾ ਸਮਾਗਮ ਕਰਵਾਉਣ ਦਾ ਮੌਕਾ ਮਿਲਿਆ ਹੈ ਪਰ ਅਫ਼ਵਾਹਾਂ ਜ਼ਰੀਏ ਪੰਜਾਬ ਨੂੰ ਬਦਨਾਮ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੰਮੇਲਨ ‘ਚ ਹਿੱਸਾ ਲੈਣ ਵਾਲੇ ਪਤਵੰਤਿਆਂ ਦੇ ਆਰਾਮਦਾਇਕ ਠਹਿਰਾਅ ਲਈ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿਮਾਨਾਂ ਨੂੰ ਰਵਾਇਤੀ ਪੰਜਾਬੀ ਪਕਵਾਨ ਪਰੋਸੇ ਜਾਣਗੇ ਅਤੇ ਸ਼ਾਮ ਨੂੰ ਸਭਿਆਚਾਰਕ ਸਮਾਗਮਾਂ ਦੌਰਾਨ ਪੰਜਾਬੀ ਸਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ। ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ‘ਚ ਜੀ-20 ਸੰਮੇਲਨ ਦੇ ਦੋ ਸੈਸ਼ਨ ਹੋ ਰਹੇ ਹਨ, ਪਹਿਲਾ ਸੈਸ਼ਨ 15, 16 ਅਤੇ 17 ਮਾਰਚ ਨੂੰ ਸਿੱਖਿਆ ਸਬੰਧੀ ਅਤੇ ਦੂਜਾ 19 ਤੇ 20 ਮਾਰਚ ਨੂੰ ਕਿਰਤ ਬਾਰੇ ਹੈ। ਇਹ ਸੰਮੇਲਨ ਪੰਜਾਬ ਨੂੰ ਕੌਮਾਂਤਰੀ ਪੱਧਰ ‘ਤੇ ਵਪਾਰ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰੇਗਾ ਅਤੇ ਸਰਕਾਰ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਆਪਣੀਆਂ ਪ੍ਰਾਪਤੀਆਂ ਤੇ ਸਹੂਲਤਾਂ ਦਿਖਾਉਣ ਲਈ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੀ ਰਾਹ ‘ਤੇ ਹੋਰ ਅੱਗੇ ਲਿਆਂਦਾ ਜਾਵੇਗਾ। ਸੂਬਾ ਸਰਕਾਰ ਇਸ ਸਮਾਗਮ ‘ਚ ਹਰ ਪੰਜਾਬੀ ਨੂੰ ਸ਼ਾਮਲ ਕਰੇਗੀ ਤਾਂ ਜੋ ਸੂਬੇ ਦੀ ਅਮੀਰ ਵਿਰਾਸਤ ਆਉਣ ਵਾਲੇ ਮਹਿਮਾਨਾਂ ਨੂੰ ਵਿਖਾਈ ਜਾ ਸਕੇ।