ਛੇ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਡੇਰਾ ਸੱਚਾ ਸੌਦਾ ਸੰਸਥਾ ਨਾਲ ਜੁੜੇ ਤਿੰਨ ਸਮਰਥਕਾਂ ਖ਼ਿਲਾਫ਼ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇਸ ਸਬੰਧ ‘ਚ ਇੰਟਰਪੋਲ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਹ ਤਿੰਨੇ ਦੋਸ਼ੀ ਡੇਰਾ ਪ੍ਰੇਮੀ ਹਨ ਜਿਨ੍ਹਾਂ ਦੇ ਗੁਰਤੇਜ ਸਿੰਘ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਹਨ। ਯਾਦ ਰਹੇ ਕਿ 2017 ‘ਚ ਪੰਜਾਬ ਦੇ ਮੌੜ ਮੰਡੀ ‘ਚ ਬੰਬ ਧਮਾਕਾ ਹੋਇਆ ਸੀ ਜਿਸ ‘ਚ ਇਹ ਤਿੰਨੋਂ ‘ਚ ਦੋਸ਼ੀ ਹਨ। ਮੌੜ ਮੰਡੀ ‘ਚ ਹੋਏ ਧਮਾਕੇ ਦੌਰਾਨ 5 ਬੱਚਿਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਬਣੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਗੁਰਤੇਜ ਸਿੰਘ ਕਾਲਾ ਡੇਰੇ ਦੀ ਵਰਕਸ਼ਾਪ ਦਾ ਇੰਚਾਰਜ ਸੀ। ਗੁਰਤੇਜ ‘ਤੇ ਪ੍ਰੈਸ਼ਰ ਕੁਕਰ ਬੰਬ ਲਿਆਉਣ ਅਤੇ ਕਾਰ ‘ਚ ਲਗਾਉਣ ਦਾ ਦੋਸ਼ ਹੈ। ਡੇਰਾ ਮੁਖੀ ਰਾਮ ਰਹੀਮ ਦੇ ਮੁੱਖ ਸੁਰੱਖਿਆ ਕਰਮੀ ਅਮਰੀਕ ਸਿੰਘ ਦਾ ਵੀ ਇਸ ਮਾਮਲੇ ‘ਚ ਨਾਮ ਸਾਹਮਣੇ ਆਇਆ ਹੈ। ਅਮਰੀਕ ਸਿੰਘ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਵੀ ਰਹਿ ਚੁੱਕਿਆ ਹੈ। ਬੰਬ ਧਮਾਕੇ ਤੋਂ ਬਾਅਦ ਇਸ ਦੀ ਜਾਂਚ ਐੱਸ.ਆਈ.ਟੀ. ਨੇ ਕੀਤੀ ਅਤੇ ਉਕਤ ਤਿੰਨੇ ਦੋਸ਼ੀ ਘਟਨਾ ਤੋਂ ਬਾਅਦ ਪੁਲੀਸ ਦੇ ਹੱਥ ਨਹੀਂ ਲੱਗੇ ਅਤੇ ਫਰਾਰ ਚੱਲੇ ਆ ਰਹੇ ਹਨ ਜਿਸ ਕਰਕੇ ਇੰਟਰਪੋਲ ਨੇ ਹੁਣ ਉਨ੍ਹਾਂ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।