ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ‘ਚ ਯੂ.ਪੀ. ਵਾਰੀਅਰਜ਼ ਨੂੰ 42 ਦੌੜਾਂ ਨਾਲ ਹਰਾਇਆ। ਦਿੱਲੀ ਨੇ ਯੂ.ਪੀ. ਦੇ ਸਾਹਮਣੇ 212 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਯੂ.ਪੀ. 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਹੀ ਬਣਾ ਸਕੀ ਅਤੇ ਇਸ ਦੇ ਨਾਲ ਹੀ ਯੂ.ਪੀ. ਟੀਮ ਦੀ ਬੱਲੇਬਾਜ਼ ਟਾਹਲੀਆ ਮੈਕਗ੍ਰਾ ਦੀ ਅਜੇਤੂ 90 ਦੌੜਾਂ ਦੀ ਪਾਰੀ ਬੇਕਾਰ ਗਈ। ਟੀਚੇ ਦਾ ਪਿੱਛਾ ਕਰਨ ਉੱਤਰੀ ਯੂ.ਪੀ. ਵਾਰੀਅਰਜ਼ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਸ਼ਵੇਤਾ ਸਹਿਰਾਵਤ 1 ਜਦਕਿ ਕਿਰਨ ਨਵਗੀਰੇ 2 ਦੌੜਾਂ ਹੀ ਬਣਾ ਸਕੀ। ਕਪਤਾਨ ਐਲੀਸਾ ਹੀਲੀ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਵੀ 24 ਦੌੜਾਂ ਹੀ ਬਣਾ ਸਕੀ। ਧੁਰੰਧਰ ਆਲਰਾਊਂਡਰ ਦੀਪਤੀ ਸ਼ਰਮਾ ਨੇ 12 ਦੌੜਾਂ ਹੀ ਬਣਾਈਆਂ। ਟੀਮ ਦੀ ਕਮਰ ਟੁੱਟਣ ਦੇ ਬਾਵਜੂਦ ਟਾਹਲੀਆ ਮੈਕਗ੍ਰਾ ਨੇ ਹਿੰਮਤ ਨਹੀਂ ਹਾਰੀ ਅਤੇ ਸੰਘਰਸ਼ ਜਾਰੀ ਰੱਖਦਿਆਂ 50 ਗੇਂਦਾਂ ‘ਤੇ 11 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 90 ਦੌੜਾਂ ਬਣਾਈਆਂ। ਹੋਰ ਬੱਲੇਬਾਜ਼ਾਂ ‘ਚ ਦੇਵਿਕਾ ਵੈਧਿਆ ਸਿਰਫ 23 ਦੌੜਾਂ ਤੇ ਸਿਮਰਨ ਸ਼ੇਖ ਨੇ ਨਾਬਾਦ 6 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਦਿੱਲੀ ਨੇ ਕਪਤਾਨ ਮੇਗ ਲੈਨਿੰਗ ਦੀਆਂ 42 ਗੇਂਦਾਂ ‘ਚ 70 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਬਣਾਈਆਂ। ਦਿੱਲੀ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਟੀਮ ਨੇ 67 ਦੇ ਸਕੋਰ ‘ਤੇ ਪਹਿਲਾ ਵਿਕਟ ਸ਼ੈਫਾਲੀ ਵਰਮਾ ਦੇ ਰੂਪ ‘ਚ ਗੁਆ ਦਿੱਤਾ, ਉਹ 14 ਗੇਂਦਾਂ ‘ਚ 17 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਮਾਰਿਜਨ ਕਪ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ 12 ਗੇਂਦਾਂ ‘ਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਦਿੱਲੀ ਨੇ ਕਪਤਾਨ ਮੇਗ ਲੈਨਿੰਗ ਦੇ ਰੂਪ ‘ਚ ਤੀਜਾ ਵਿਕਟ ਗਵਾਇਆ, ਐਲਿਸ ਕੇਪਸੀ 20 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ ਦਿੱਲੀ ਦੀਆਂ ਦੌੜਾਂ ਨਹੀਂ ਰੁਕੀਆਂ, ਜੇਮਿਮ ਰੌਡਰਿਗਜ਼ ਨੇ 22 ‘ਚ ਨਾਬਾਦ 34 ਅਤੇ ਜੇਸ ਜੌਹਨਸਨ ਨੇ 20 ‘ਚ ਨਾਬਾਦ 42 ਦੌੜਾਂ ਬਣਾ ਕੇ ਖੇਡ ਸਕੋਰ ਨੂੰ 20 ਓਵਰਾਂ ‘ਚ 4 ਵਿਕਟਾਂ ‘ਤੇ 211 ਦੌੜਾਂ ਤੱਕ ਪਹੁੰਚਾਇਆ।