ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਦੋ ਤੋਂ ਤਿੰਨ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦਾ ਹੈ ਜਿੱਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲੀਸ ਅਤੇ ਪਰਿਵਾਰ ਨੂੰ ਉਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨ ਘਾਟ ‘ਚੋਂ ਮਿਲੀ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਪੁਲੀਸ ‘ਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਾਉਂਦਿਆਂ ਰਵੀ ਕੁਮਾਰ ਦੀ ਲਾਸ਼ ਮਾਨਸਾ-ਲੁਧਿਆਣਾ ਮੁੱਖ ਮਾਰਗ ‘ਤੇ ਰੱਖ ਕੇ ਘੰਟਿਆਂਬੱਧੀ ਆਵਾਜਾਈ ਠੱਪ ਰੱਖੀ। ਇਸ ਮੌਕੇ ਰਵੀ ਕੁਮਾਰ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਬੀਤੇ ਦਿਨ ਘਰੋਂ ਕਣਕ ਵੇਚਣ ਲਈ ਗਿਆ ਸੀ ਅਤੇ ਅੱਜ ਉਸ ਦੀ ਲਾਸ਼ ਮਿਲੀ ਹੈ। ਉਸ ਨੇ ਦੋਸ਼ ਲਗਾਇਆ ਕਿ ਪਿੰਡ ਦੇ ਨੌਜਵਾਨ ਉਸ ਨੂੰ ਨਸ਼ਾ ਕਰਵਾਉਂਦੇ ਸਨ ਅਤੇ ਉਸ ਦੀ ਮੌਤ ਲਈ ਇਹ ਨੌਜਵਾਨ ਹੀ ਜ਼ਿੰਮੇਵਾਰ ਹਨ। ਜਸਪ੍ਰੀਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਸ ਨੇ ਦੂਜਾ ਵਿਆਹ ਰਵੀ ਕੁਮਾਰ ਨਾਲ ਕਰਵਾਇਆ ਸੀ ਅਤੇ ਉਸ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਹੈ। ਧਰਨੇ ਦੌਰਾਨ ਸੰਬੋਧਨ ਕਰਦਿਆਂ ਸਮਾਜ ਸੇਵੀ ਜਗਸੀਰ ਸਿੰਘ ਸੀਰਾ, ਮਿੱਠੂ ਸਿੰਘ ਖਾਲਸਾ, ਅਕਾਲੀ ਦਲ (ਅੰਮ੍ਰਿਤਸਰ) ਦੇ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਚੁੱਕੇ ਹਨ ਪਰ ਪੁਲੀਸ ਕਾਰਵਾਈ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਛੱਡ ਦਿੰਦੀ ਹੈ ਜਿਸ ਕਰਕੇ ਇਲਾਕੇ ‘ਚ ਖੱਲ੍ਹੇਆਮ ਨਸ਼ਾ ਵਿਕਦਾ ਹੈ। ਧਰਨੇ ‘ਚ ਪਹੁੰਚੇ ਡੀ.ਐੱਸ.ਪੀ. ਸੰਜੀਵ ਗੋਇਲ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਇਸ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਥਾਣਾ ਜੋਗਾ ਦੇ ਪੁਲੀਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ‘ਤੇ ਗੁਰਜੀਤ ਸਿੰਘ ਉਰਫ ਮੱਦੀ, ਸੁਖਚੈਨ ਸਿੰਘ, ਮਨਜੀਤ ਕੌਰ ਅਤੇ ਘੁੱਕਾ ਸਿੰਘ ਵਾਸੀ ਜੋਗਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।