ਡੇਰਾ ਸੱਚਾ ਸੌਦਾ ਸਿਰਸਾ ਨੇ ਜਲੰਧਰ ‘ਚ ਬੀਤੀ ਸੱਤ ਮਾਰਚ ਨੂੰ ਦਰਜ ਹੋਈ ਐੱਫ.ਆਈ.ਆਰ. ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਡੇਰਾ ਸੱਚਾ ਸੌਦਾ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਤੱਥਾਂ ਦੇ ਉਲਟ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਡੇਰੇ ਮੁਤਾਬਕ ਜਿਸ ਵੀਡੀਓ ਨੂੰ ਆਧਾਰ ਬਣਾਇਆ ਗਿਆ ਹੈ ਉਸ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਗਿਆ ਹੈ ਪਰ ਅੱਧਾ ਅਧੂਰਾ ਬਿਆਨ ਸੁਣ ਕੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਹਾਈ ਕੋਰਟ ਇਸ ਪਟੀਸ਼ਨ ‘ਤੇ ਕੁਝ ਸਮੇਂ ਬਾਅਦ ਸੁਣਵਾਈ ਕਰੇਗੀ। ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਜਲੰਧਰ ‘ਚ ਦਰਜ ਐੱਫ.ਆਈ.ਆਰ. ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਡੇਰਾ ਸੱਚਾ ਸੌਦਾ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਤੱਥਾਂ ਦੇ ਉਲਟ ਝੂਠੀ ਐਫਆਈਆਰ ਦਰਜ ਕੀਤੀ ਗਈ ਹੈ। ਅਦਾਲਤ ‘ਚ ਦਾਇਰ ਕੀਤੀ ਗਈ ਅਪੀਲ ‘ਚ ਡੇਰਾ ਸੱਚਾ ਸੌਦਾ ਨੇ ਕਿਹਾ ਹੈ ਕਿ ਜਿਸ ਵੀਡੀਓ ਦੇ ਆਧਾਰ ‘ਤੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਉਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਯਾਦ ਰਹੇ ਕਿ 7 ਮਾਰਚ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖ਼ਿਲਾਫ਼ ਥਾਣਾ ਪਤਾਰਾ ਜਲੰਧਰ ਵਿਖੇ ਮਾਮਲਾ ਦਰਜ ਹੋਇਆ ਸੀ। ਪੁਲੀਸ ਨੇ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤੱਲ੍ਹਣ ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਸੀ। ਰਾਮ ਰਹੀਮ ‘ਤੇ ਗੁਰੂ ਰਵਿਦਾਸ ਤੇ ਕਬੀਰ ਦਾਸ ਮਹਾਰਾਜ ‘ਤੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਜਲੰਧਰ ਦਿਹਾਤੀ ਪੁਲੀਸ ਦੇ ਐੱਸ.ਪੀ. (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੇ ਆਪਣੇ ਯੂਟਿਊਬ ਚੈਨਲ ‘ਤੇ ਗੁਰੂ ਰਵਿਦਾਸ ਤੇ ਕਬੀਰ ਮਹਾਰਾਜ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਹੁਣ ਹਾਈ ਕੋਰਟ ਵੱਲੋਂ ਸੁਣਾਏ ਜਾਣ ਵਾਲੇ ਫ਼ੈਸਲੇ ਮੁਤਾਬਕ ਹੀ ਇਸ ਮਾਮਲੇ ‘ਚ ਅਗਲੀ ਕਾਰਵਾਈ ਹੋਵੇਗੀ।