ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ‘ਚ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਾਣਿਆ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਰਾਤ 10 ਵਜੇ ਕੋਟਲੀ ਕਲਾਂ ਦੇ ਜਸਪ੍ਰੀਤ ਸਿੰਘ ਆਪਣੇ ਪੁੱਤਰ ਹਰਉਦੈਵੀਰ ਸਿੰਘ (6) ਅਤੇ ਬੇਟੀ ਨਵਸੀਰਤ ਕੌਰ ਨਾਲ ਗਲੀ ‘ਚੋਂ ਲੰਘਕੇ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਹੀ ਦੋ ਜਣੇ ਬੁਲੇਟ ਮੋਟਰਸਾਈਕਲ ਉਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਗੋਲੀਆਂ ਚਲਾਉਣ ਦੌਰਾਨ ਬੱਚੇ ਹਰਉਦੈਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀਆਂ ਨਾਲ ਬੇਟੀ ਨਵਸੀਰਤ ਕੌਰ ਵੀ ਜ਼ਖ਼ਮੀ ਹੋਈ ਹੈ ਪਰ ਉਸ ਦੀ ਹਾਲਤ ਫਿਲਹਾਲ ਬਿਲਕੁਲ ਠੀਕ ਦੱਸੀ ਜਾਂਦੀ ਹੈ। ਪੁਲੀਸ ਅਨੁਸਾਰ ਜਾਪਦਾ ਹੈ ਕਿ ਗੋਲੀਆਂ ਜਸਪ੍ਰੀਤ ਸਿੰਘ ਉਤੇ ਚਲਾਈਆਂ ਹੋ ਸਕਦੀਆਂ ਹਨ ਪਰ ਉਸ ਦਾ ਸ਼ਿਕਾਰ ਛੇ ਸਾਲਾਂ ਮਾਸੂਮ ਹੋ ਗਿਆ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਲਾਕੇ ‘ਚ ਨਾਕੇਬੰਦੀ ਤੇਜ਼ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੋਰ ਵਧ ਗਿਆ ਹੈ। ਵਿਰੋਧੀ ਵੀ ਹਾਕਮ ਧਿਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਤੇ ਮੁੜ ਸਵਾਲ ਚੁੱਕ ਰਹੇ ਹਨ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ।