‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਹਾਲੇ ਵੀ ਭੇਤ ਬਰਕਰਾਰ ਹੈ ਜਿਸ ਦਰਮਿਆਨ ਪੁਲੀਸ ਨੇ ਅੱਜ ਕੁਝ ਤਸਵੀਰਾਂ ਜਾਰੀ ਕਰਕੇ ਉਨ੍ਹਾਂ ਦੇ ਭੇਸ ਬਦਲ ਕੇ ਫਰਾਰ ਹੋਣ ਦਾ ਦਾਅਵਾ ਕੀਤਾ। ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ‘ਚ ਫਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰੇ ‘ਚ ਕੱਪੜੇ ਬਦਲ ਕੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ। ਪੁਲੀਸ ਨੇ ਕਾਰ ਅਤੇ ਉਸ ਨੂੰ ਭੱਜਣ ‘ਚ ਮਦਦ ਕਰਨ ਦੇ ਦੋਸ਼ ‘ਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਅੰਮ੍ਰਿਤਪਾਲ ਸਿੰਘ ਦਾ ਸੁਰਾਗ ਨਹੀਂ ਲੱਗਾ। ਉਸ ਦੀ ਟੌਲ ਪਲਾਜ਼ੇ ‘ਤੇ ਕਾਰ ‘ਚ ਬੈਠੇ ਦੀ ਤਸਵੀਰ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋਵੇਗੀ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਅਮਨ-ਕਾਨੂੰਨ ਬਰਕਰਾਰ ਹੈ। ਦੂਜੇ ਪਾਸੇ ਪੰਜਾਬ ਪੁਲਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ 150 ਤੋਂ ਵੱਧ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦਾਅਵਾ ਕਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਪੁਲੀਸ ਕਾਰਵਾਈ ਦੌਰਾਨ ਫਰਾਰ ਹੋਣ ‘ਚ ਕਾਮਯਾਬ ਰਿਹਾ। ਪੁਲੀਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੰਗਲ ਅੰਬੀਆਂ ਗੁਰਦੁਆਰਾ ਸਾਹਿਬ ‘ਚ ਪੈਂਟ ਸ਼ਰਟ ਪਾ ਕੇ ਫਰਾਰ ਹੋਇਆ ਹੈ। ਪੁਲੀਸ ਨੇ ਉਨ੍ਹਾਂ ਦੀਆਂ ਵੱਖ-ਵੱਖ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਜਿਸ ਬ੍ਰਿਜ਼ਾ ਕਾਰ ‘ਚ ਅੰਮ੍ਰਿਤਪਾਲ ਸਿੰਘ ਫਰਾਰ ਹੋਇਆ ਹੈ ਉਸ ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ। ਆਈ.ਜੀ. ਮੁਤਾਬਕ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੀ ਭੱਜਣ ‘ਚ ਮਦਦ ਕਰਨ ਵਾਲੇ ਮਨਪ੍ਰੀਤ ਸਿੰਘ ਮੰਨਾ, ਗੁਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਭੇਜ ਸਿੰਘ ਭੇਜਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਆਈ.ਜੀ. ਨੇ ਕਿਹਾ ਕਿ ਜਾਂਚ ‘ਚ ਇਕ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਅੰਮ੍ਰਿਤਪਾਲ ਸਿੰਘ ਨੰਗਲ ਅੰਬੀਆਂ ਪਿੰਡ ਪਹੁੰਚਿਆ ਜਿੱਥੋਂ ਦੇ ਗੁਰਦੁਆਰਾ ਸਾਹਿਬ ‘ਚ ਉਸ ਨੇ ਪਹਿਲਾਂ ਕੱਪੜੇ ਬਦਲੇ। ਉਥੇ ਅੰਮ੍ਰਿਤਪਾਲ ਸਿੰਘ ਨੇ ਆਪਣਾ ਭੇਸ ਬਦਲਦਿਆਂ ਪੈਂਟ-ਸ਼ਰਟ ਪਾਈ ਅਤੇ ਤਲਵਾਰ ਵੀ ਉਥੇ ਹੀ ਛੱਡ ਦਿੱਤੀ। ਜਿੱਥੋਂ ਉਸ ਦੀ ਮਦਦ ਤਿੰਨ ਹੋਰ ਵਿਅਕਤੀਆਂ ਨੇ ਕੀਤੀ ਅਤੇ ਇਹ ਚਾਰ ਜਣੇ ਦੋ ਮੋਟਰਸਾਈਕਲਾਂ ‘ਤੇ ਬੈਠ ਕੇ ਫਰਾਰ ਹੋ ਗਏ।