ਮਹਿਲਾ ਪ੍ਰੀਮੀਅਰ ਲੀਗਰ ਗਰੁੱਪ ਪੜਾਅ ਦੇ ਆਖਰੀ ਮੈਚ ‘ਚ ਯੂ.ਪੀ. ਵਾਰੀਅਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਦਿੱਲੀ ਕੈਪੀਟਲਸ ਨੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂ.ਪੀ. ਨੇ 139 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਦਿੱਲੀ ਨੇ ਇਹ ਟੀਚਾ 18ਵੇਂ ਓਵਰ ‘ਚ ਹਾਸਲ ਕਰ ਲਿਆ। ਇਸ ਜਿੱਤ ਨਾਲ ਦਿੱਲੀ ਨੇ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਕਪਤਾਨ ਮੇਗ ਲੈਨਿੰਗ ਨੇ 23 ਗੇਂਦਾਂ ‘ਚ 39 ਦੌੜਾਂ ਦੀ ਪਾਰੀ ਖੇਡੀ। ਉਸ ਦੀ ਜੋੜੀਦਾਰ ਸ਼ੈਫਾਲੀ ਵਰਮਾ ਨੇ 16 ਗੇਂਦਾਂ ‘ਚ 21 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਜੇਮਿਮਾ ਰੌਡਰਿਗਸ ਸਸਤੇ ‘ਚ ਚਲਦੀ ਰਹੀ, ਉਹ 3 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਦਿੱਲੀ ਦੀ ਪਾਰੀ ਨੂੰ ਮਾਰਿਜਨ ਕੈਪ ਅਤੇ ਐਲਿਸ ਕੈਪਸੀ ਨੇ ਸੰਭਾਲਿਆ। ਕੈਪਸੀ ਨੇ 31 ਗੇਂਦਾਂ ‘ਤੇ 34 ਦੌੜਾਂ ਬਣਾਈਆਂ ਜਦਕਿ ਕੈਪਸੀ ਨੇ 31 ਗੇਂਦਾਂ ‘ਤੇ ਅਜੇਤੂ 34 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਯੂ.ਪੀ. ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ ਸਨ। ਯੂ.ਪੀ. ਲਈ ਟਾਹਲੀਆ ਮੈਕਗ੍ਰਾ ਨੇ 32 ਗੇਂਦਾਂ ‘ਤੇ ਨਾਬਾਦ 58 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 8 ਚੌਕੇ ਅਤੇ 2 ਛੱਕੇ ਨਿਕਲੇ। ਯੂ.ਪੀ. ਦੀ ਸਲਾਮੀ ਬੱਲੇਬਾਜ਼ ਅਤੇ ਕਪਤਾਨ ਐਲੀਸਾ ਹੀਲੀ ਨੇ 34 ਗੇਂਦਾਂ ‘ਚ 36 ਦੌੜਾਂ ਦੀ ਪਾਰੀ ਖੇਡੀ। ਉਸ ਦੀ ਜੋੜੀਦਾਰ ਸ਼ਵੇਤਾ ਸਹਿਰਾਵਤ ਨੇ 19 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸਿਮਰਨ ਸ਼ੇਖ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਈ। ਕਿਰਨ ਨਵਗੀਰੇ 2 ਅਤੇ ਦੀਪਤੀ ਸ਼ਰਮਾ 3 ਦੌੜਾਂ ਬਣਾ ਕੇ ਆਊਟ ਹੋ ਗਏ। ਸੋਫੀ ਏਕਲਸਟੋਨ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਈ। ਅੰਤ ‘ਚ ਅੰਜਲੀ ਸਰਵਾਨੀ ਨੇ ਨਾਬਾਦ 3 ਦੌੜਾਂ ਬਣਾਈਆਂ। ਦਿੱਲੀ ਲਈ ਐਲਿਸ ਕੈਪਸੀ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ ਜਦਕਿ ਰਾਧਾ ਯਾਦਵ ਨੇ 2 ਵਿਕਟਾਂ ਲਈਆਂ। ਜੇਸ ਜੋਨਾਸਨ ਨੂੰ ਵੀ 1 ਵਿਕਟ ਮਿਲੀ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਦੋਵਾਂ ਟੀਮਾਂ ਦੇ 8 ਮੈਚਾਂ ‘ਚ 6 ਜਿੱਤਾਂ ਨਾਲ ਕੁੱਲ 12 ਅੰਕ ਸਨ। ਹਾਲਾਂਕਿ ਦਿੱਲੀ ਕੈਪੀਟਲਜ਼ ਨੈੱਟ ਰਨ ਰੇਟ ਦੇ ਮਾਮਲੇ ‘ਚ ਮੁੰਬਈ ਤੋਂ ਉੱਪਰ ਸੀ ਅਤੇ ਇਸ ਨਾਲ ਦਿੱਲੀ ਨੇ ਅੰਕ ਸੂਚੀ ‘ਚ ਸਿਖਰ ‘ਤੇ ਰਹਿ ਕੇ ਸਿੱਧੇ ਫਾਈਨਲ ਲਈ ਕੁਆਲੀਫਾਈ ਕੀਤਾ। ਦੂਜੀ ਫਾਈਨਲਿਸਟ ਟੀਮ ਮੁੰਬਈ ਇੰਡੀਅਨਜ਼ ਅਤੇ ਯੂ.ਪੀ. ਵਾਰੀਅਰਜ਼ ਵਿਚਾਲੇ ਹੋਣ ਵਾਲੇ ਐਲੀਮੀਨੇਟਰ ਮੈਚ ਤੋਂ ਚੁਣੀ ਜਾਵੇਗੀ। ਦਿੱਲੀ ਅਤੇ ਯੂ.ਪੀ. ਵਿਚਾਲੇ ਐਲੀਮੀਨੇਟਰ ਮੈਚ 24 ਮਾਰਚ ਨੂੰ ਅਤੇ ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ।