ਮੁੰਬਈ ਇੰਡੀਅਨਜ਼ ਨੇ ਨੈਟਲੀ ਸਿਵਰ ਬ੍ਰੰਟ (ਅਜੇਤੂ 72) ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਤੇਜ਼ ਗੇਂਦਬਾਜ਼ ਇਸੀ ਵੋਂਗ (15 ਦੌੜਾਂ ‘ਤੇ 4 ਵਿਕਟਾਂ) ਸਦਕਾ ਯੂ.ਪੀ. ਵਾਰੀਅਰਜ਼ ਨੂੰ 72 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਉਸ ਦਾ ਸਾਹਮਣਾ 26 ਮਾਰਚ ਐਤਵਾਰ ਨੂੰ ਦਿੱਲੀ ਕੈਪੀਟਲਸ ਨਾਲ ਹੋਵੇਗਾ। ਮੁੰਬਈ ਇੰਡੀਅਨਜ਼ ਨੇ ਸਿਵਰ ਬ੍ਰੰਟ ਦੀ 9 ਚੌਕਿਆਂ ਤੇ 2 ਛੱਕਿਆਂ ਨਾਲ ਸਜੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 4 ਵਿਕਟਾਂ ‘ਤੇ 182 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦੇ ਜਵਾਬ ‘ਚ ਯੂ.ਪੀ. ਵਾਰੀਅਰਜ਼ ਦੀ ਟੀਮ 17.4 ਓਵਰਾਂ ‘ਚ 110 ਦੌੜਾਂ ‘ਤੇ ਸਿਮਟ ਗਈ। ਟੀਮ ਨੂੰ ਫੀਲਡਿੰਗ ਤੇ ਬੱਲੇਬਾਜ਼ਾਂ ਦੀ ਸ਼ਾਟ ਚੋਣ ‘ਚ ਖ਼ਰਾਬ ਪ੍ਰਦਰਸ਼ਨ ਦਾ ਖਾਮਿਆਜ਼ਾ ਭੁਗਤਣਾ ਪਿਆ। ਉਸ ਦੇ ਲਈ ਕਿਰਨ ਨਵਗਿਰੇ ਹੀ ਮੁੰਬਈ ਇੰਡੀਅਨਜ਼ ਦੀਆਂ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰ ਸਕੀ। ਉਸ ਨੇ 27 ਗੇਂਦਾਂ ‘ਤੇ 4 ਚੌਕੇ ਤੇ 3 ਛੱਕੇ ਲਾ ਕੇ 43 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ ਪਰ ਹੋਰ ਕੋਈ ਵੀ ਬੱਲੇਬਾਜ਼ 20 ਦੌੜਾਂ ਤੋਂ ਵੱਧ ਦਾ ਸਕੋਰ ਨਹੀਂ ਬਣਾ ਸਕੀ। ਮੁੰਬਈ ਲਈ ਵੋਂਗ ਨੇ ਆਪਣੇ ਤੀਜੇ ਤੇ ਟੀਮ ਦੇ 13ਵੇਂ ਓਵਰ ‘ਚ ਲਗਾਤਾਰ 3 ਗੇਂਦਾਂ ‘ਤੇ ਨਵਗਿਰੇ, ਸਿਮਰਨ ਸ਼ੇਖ ਤੇ ਸੋਫੀ ਐਕਲੇਸਟੋਨ ਦੀ ਵਿਕਟ ਲੈ ਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਲੈ ਕੇ ਇਤਿਹਾਸ ਰਚ ਦਿੱਤਾ। ਉਸ ਤੋਂ ਇਲਾਵਾ ਸਾਇਕਾ ਇਸ਼ਾਕਾ ਨੇ 24 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਸਿਵਰ ਬ੍ਰੰਟ, ਹੈਲੀ ਮੈਥਿਊਜ਼ ਤੇ ਜਿੰਤਿਮਣੀ ਕਲਿਤਾ ਨੂੰ ਇਕ-ਇਕ ਵਿਕਟ ਮਿਲੀ।