ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਫਰਾਂਸ ਨੇ ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਫਰਾਂਸ ਚੀਨ ਦੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ਟਿਕ ਟੌਕ ‘ਤੇ ਪਾਬੰਦੀ ਲਾਵੇਗਾ। ਫਰਾਂਸ ਦੇ ਮੰਤਰੀ ਸਟਾਨਿਸਲਾਸ ਗੁਏਰਿਨੀ ਨੇ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਦੇ ਟਿਕ ਟੌਕ ਐਪ ਇਸਤੇਮਾਲ ‘ਤੇ ਰੋਕ ਲਾਈ ਜਾਏਗੀ। ਉਨ੍ਹਾਂ ਟਵੀਟ ਕੀਤਾ, ‘ਸਾਈਬਰ ਸੁਰੱਖਿਆ ਦੀ ਗਾਰੰਟੀ ਲਈ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ ‘ਤੇ ਟਿਕ ਟੌਕ ਵਰਗੇ ਐਪਸ ‘ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਫਰਾਂਸ ਟਿਕ ਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਚੀਨੀ ਮੋਬਾਇਲ ਐਪ ‘ਤੇ ਪਾਬੰਦੀ ਲੱਗਣ ਤੋਂ ਬਾਅਦ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਫੋਨ ‘ਤੇ ਇਸ ਮਨੋਰੰਜਕ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮਾਮਲੇ ‘ਚ ਤੇਜ਼ੀ ਉਸ ਸਮੇਂ ਆਈ ਜਦੋਂ ਟਿਕ ਟੌਕ ਦੇ ਸੀ.ਈ.ਓ. ਸ਼ਾਅ ਚਿਊ ਅਮਰੀਕੀ ਸੰਸਦ ‘ਚ ਪੇਸ਼ ਹੋਏ ਅਤੇ ਪਾਬੰਦੀ ਦੀ ਮੰਗ ਤੇਜ਼ ਹੋ ਗਈ। ਕੈਂਡੀ ਕ੍ਰਸ਼ ਵਰਗੀਆਂ ਗੇਮ ਐਪਸ, ਨੈੱਟਫਲਿਕਸ ਵਰਗੀਆਂ ਸਟ੍ਰੀਮਿੰਗ ਐਪਸ ਅਤੇ ਟਿਕ ਟੌਕ ਵਰਗੀਆਂ ਐਂਟਰਟੇਨਮੈਂਟ ਐਪਸ ਨੂੰ ਵੀ ਪਾਬੰਦੀਸ਼ੁਦਾ ਐਪਲੀਕੇਸ਼ਨਜ਼ ਦੀ ਸੂਚੀ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਈ ਦੇਸ਼ਾਂ ‘ਚ ਟਿਕ ਟੌਕ ‘ਤੇ ਪਾਬੰਦੀ ਲੱਗ ਚੁੱਕੀ ਹੈ। ਯੂਰਪੀਅਨ ਕਮਿਸ਼ਨ ਦੇ ਨਾਲ, ਨੀਦਰਲੈਂਡ, ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਹੁਣ ਫਰਾਂਸ ਦੀਆਂ ਸਰਕਾਰਾਂ ਨੇ ਟਿਕ ਟੌਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਪੇਈਚਿੰਗ ‘ਚ ਕਮਿਊਨਿਸਟ ਸਰਕਾਰ ਨਾਲ ਲਿੰਕ ਹੋਣ ਦੇ ਡਰੋਂ ਕੰਮ ਦੇ ਡਿਵਾਈਸਾਂ ‘ਤੇ ਮੋਬਾਇਲ ਫੋਨ ਐਪਸ ਦੀ ਵਰਤੋਂ ਨਹੀਂ ਕਰ ਸਕਦੇ ਹਨ। ਇੰਡੀਆ ਨੇ ਵੀ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਮੈਸੇਜਿੰਗ ਐਪ ਵੀਚੈਟ ਸਮੇਤ ਟਿਕ ਟੌਕ ਅਤੇ ਦਰਜਨਾਂ ਹੋਰ ਚੀਨੀ ਐਪਸ ‘ਤੇ ਪਾਬੰਦੀ ਲਾਈ ਹੋਈ ਹੈ। ਬ੍ਰਿਟੇਨ ਦੀ ਸੰਸਦ ਨੇ ਵੀ ਸੁਰੱਖਿਆ ਕਾਰਨਾਂ ਕਰਕੇ ਸਰਕਾਰੀ ਅਧਿਕਾਰੀਆਂ-ਕਰਮਚਾਰੀਆਂ ਦੇ ਟਿਕ ਟੌਕ ਦੀ ਵਰਤੋਂ ‘ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।