ਅਮਰੀਕਾ ਦੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੀ ਪਹਿਲੀ ਸਹਾਇਕ ਪੁਲੀਸ ਮੁਖੀ ਵਜੋਂ ਭਾਰਤੀ ਮੂਲ ਦੀ 37 ਸਾਲਾ ਸਿੱਖ ਮਨਮੀਤ ਕੋਲਨ ਨੇ ਸਹੁੰ ਚੁੱਕੀ ਹੈ, ਜਿਸ ਨਾਲ ਉਹ ਚੋਟੀ ਦੇ ਸਥਾਨ ‘ਤੇ ਪਹੁੰਚਣ ਵਾਲੀ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕਨ ਬਣ ਗਈ ਹੈ। ਦਿ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਨਿਊ ਹੈਵਨ ‘ਚ ਪੁਲੀਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ ਮਨਮੀਤ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫਤਰ ‘ਚ ਲੈਫਟੀਨੈਂਟ ਸੀ। ਕੋਲਨ ਦੀ ਧੀ ਨੇ ਆਪਣੀ ਮਾਂ ਦੀ ਵਰਦੀ ‘ਤੇ ਨਵੇਂ ਸਹਾਇਕ ਪੁਲਸ ਮੁੱਖੀ ਦਾ ਬੈਜ ਲਗਾਇਆ। ਮੁੰਬਈ ‘ਚ ਜਨਮੀ ਕੋਲਨ 11 ਸਾਲ ਦੀ ਉਮਰ ‘ਚ ਆਪਣੇ ਪਰਿਵਾਰ ਨਾਲ ਕੁਈਨਜ਼ ਚਲੀ ਗਈ ਅਤੇ ਉਨ੍ਹਾਂ ਨੇ ਨਿਊ ਹੈਵਨ ਯੂਨੀਵਰਸਿਟੀ ‘ਚ ਅਪਰਾਧਿਕ ਨਿਆਂ ਦੀ ਪੜ੍ਹਾਈ ਕੀਤੀ। ਪਹਿਲੀ ਭਾਰਤੀ-ਅਮਰੀਕਨ ਸਹਾਇਕ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਸਮਾਨ ਪਿਛੋਕੜ ਵਾਲੇ ਹੋਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ‘ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਦਿ ਨਿਊ ਹੈਵਨ ਇੰਡੀਪੈਂਡੈਂਟ ‘ਚ ਮਨਮੀਤ ਕੋਲਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਮੈਂ ਇਕ ਸਿੱਖ ਪਰਿਵਾਰ ਤੋਂ ਆਉਂਦੀ ਹਾਂ। ਮੈਂ ਪੰਜਾਬੀ ਬੋਲਦੀ ਹਾਂ। ਮੈਨੂੰ ਆਪਣੀ ਵਿਰਾਸਤ ‘ਤੇ ਬਹੁਤ ਮਾਣ ਹੈ।’