ਚਾਰ ਵਾਰ ਕੈਨੇਡਾ ‘ਚ ਮੈਂਬਰ ਪਾਰਲੀਮੈਂਟ ਰਹੀ ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦੀ ਕੋਠੀ ‘ਤੇ ਸਿਆਸੀ ਆਗੂ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਪੰਜਾਬ ਪੁਲੀਸ ਨੇ ਛੁਡਵਾਇਆ ਹੈ। ਇਸ ਸਮੇਂ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਮੌਕੇ ‘ਤੇ ਪੁੱਜੇ ਅਤੇ ਕੋਠੀ ਦੇ ਕਾਗਜ਼ ਨੀਨਾ ਗਰੇਵਾਲ ਤੇ ਪਰਿਵਾਰਕ ਮੈਂਬਰ ਨੂੰ ਸੌਂਪੇ। ਉਨ੍ਹਾਂ ਕਿਹਾ ਕਿ ਪੁਲੀਸ ਨੇ 48 ਘੰਟੇ ‘ਚ ਇਹ ਢਾਈ ਸਾਲ ਤੋਂ ਕੀਤਾ ਨਾਜਾਇਜ਼ ਕਬਜ਼ਾ ਛੁਡਵਾ ਕੇ ਮਿਸਾਲ ਕਾਇਮ ਕੀਤੀ ਹੈ। ਇਸੇ ਕੋਠੀ ‘ਚ ਹੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕਰਨ ਸਮੇਤ ਉਨ੍ਹਾਂ ਦੇ ਸਾਰੇ ਮਸਲੇ ਅਤੇ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ। ਕਿਸੇ ਵੀ ਪ੍ਰਵਾਸੀ ਪੰਜਾਬੀ ਦੀ ਇਕ ਇੱਟ ਵੀ ਦੱਬਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੀਨਾ ਗਰੇਵਾਲ ਦੇ ਪਿਤਾ ਸਵਰਗੀ ਨਿਹਾਲ ਸਿੰਘ ਢਿੱਲੋਂ ਦੇ ਪਰਿਵਾਰ ਦਾ ਇਥੇ ਸੇਵਕ ਕਲੋਨੀ ਵਿਚਲਾ ਜੱਦੀ ਘਰ ਢਾਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਸੀ ਜਿਸ ਨੂੰ 48 ਘੰਟਿਆਂ ‘ਚ ਖਾਲੀ ਕਰਵਾ ਲਿਆ ਹੈ। ਇਸ ਦਾ ਰਸਮੀ ਤੌਰ ‘ਤੇ ਕਬਜ਼ਾ ਅੱਜ ਮਰਹੂਮ ਢਿੱਲੋਂ ਦੀ ਧੀ ਨੀਨਾ ਗਰੇਵਾਲ ਅਤੇ ਪਰਿਵਾਰ ਦੀ ਨੂੰਹ ਨੂੰ ਸੌਂਪ ਦਿੱਤਾ ਗਿਆ ਹੈ। ਦੱਸਣਯੋਗ ਹੈ ਨੀਨਾ ਗਰੇਵਾਲ ਨੂੰ ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਤੀ ਗੁਰਬੰਤ ਸਿੰਘ ਗਰੇਵਾਲ ਨੂੰ ਉਥੋਂ ਦਾ ਹੀ ਪਹਿਲਾ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਹੈ। ਇਸੇ ਦੌਰਾਨ ਨੀਨਾ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਕੁਲਦੀਪ ਧਾਲੀਵਾਲ ਸਮੇਤ ਪਟਿਆਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੱਦੀ ਘਰ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਉਣਾ ਵੱਡਾ ਹਾਂ ਪੱਖੀ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਇਕ ਅਪੀਲ ‘ਤੇ ਬਿਨਾਂ ਦੇਰੀ ਢਾਈ ਸਾਲਾਂ ਤੋਂ ਕੀਤਾ ਗਿਆ ਕਬਜ਼ਾ ਛੁਡਵਾ ਕੇ ਘਰ ਉਨ੍ਹਾਂ ਨੂੰ ਵਾਪਸ ਦਿਵਾਉਂਦਿਆਂ ਸਬੰਧਤ ਵਿਅਕਤੀ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਕਿਸੇ ਹੋਰ ਪ੍ਰਵਾਸੀ ਪੰਜਾਬੀ ਦੀ ਜਾਇਦਾਦ ‘ਤੇ ਵੀ ਨਾਜਾਇਜ਼ ਕਬਜ਼ਾ ਹੈ ਤਾਂ ਉਨ੍ਹਾਂ ਵੱਲੋਂ ਜਾਰੀ ਵੱਟਸਐਪ ਨੰਬਰ ‘ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾਵੇ ਜਿਸ ‘ਤੇ ਲਾਜ਼ਮੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਸ਼ੁਰੂ ਹੋਇਆ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ‘ਤੇ ਸਰਕਾਰੀ ਸ਼ਹਿ ‘ਤੇ ਕਬਜ਼ੇ ਕਰਨ ਦਾ ਰੁਝਾਨ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਅਜਿਹੀ ਕਿਸੇ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।