ਪਿਛਲੇ ਕਰੀਬ ਇਕ ਸਾਲ ਤੋਂ ਪਟਿਆਲਾ ਕੇਂਦਰੀ ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ 9 ਤੋਂ 13 ਅਪ੍ਰੈਲ ਦਰਮਿਆਨ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਹੋਰ ਕੈਦੀਆਂ ਦੀ ਰਿਹਾਈ ‘ਚ ਨਵਜੋਤ ਸਿੱਧੂ ਦਾ ਨਾਂ ਵੀ ‘ਵਿਸਾਖੀ ਲਿਸਟ’ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕੈਦੀਆਂ ਦੀ ਰਿਹਾਈ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ਅਤੇ ਕਮੇਟੀ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਦੇਵੇਗੀ। ਜੇਲ੍ਹ ਵਿਭਾਗ ਮੁੱਖ ਮੰਤਰੀ ਕੋਲ ਹੈ ਆਖ਼ਰੀ ਫ਼ੈਸਲਾ ਉਨ੍ਹਾਂ ‘ਤੇ ਛੱਡਿਆ ਹੋਇਆ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ‘ਚ ਆਪਣਾ ਮੂੰਹ ਬੰਦ ਰੱਖਿਆ ਹੋਇਆ ਹੈ। 34 ਸਾਲ ਪੁਰਾਣੇ ਰੋਡ ਰੇਜ ਕੇਸ ‘ਚ ਸੁਪਰੀਮ ਕੋਰਟ ਨੇ 19 ਮਈ, 2022 ਨੂੰ ਸਿੱਧੂ ਦੀ ਇਕ ਸਾਲ ਦੀ ਸਖ਼ਤ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਅਤੇ 20 ਮਈ ਨੂੰ ਸਿੱਧੂ ਨੇ ਪਟਿਆਲਾ ਅਦਾਲਤ ‘ਚ ਆਤਮ-ਸਮਰਪਣ ਕਰ ਦਿੱਤਾ ਸੀ। ਸਿੱਧੂ ਦਾ 19 ਮਈ, 2023 ਨੂੰ ਇਕ ਸਾਲ ਪੂਰਾ ਹੋ ਰਿਹਾ ਹੈ। ਜੇਲ੍ਹ ਵਿਭਾਗ ਦੇ ਇਕ ਸੇਵਾਮੁਕਤ ਸੀਨੀਅਰ ਅਧਿਕਾਰੀ ਅਨੁਸਾਰ ਸਬੰਧਤ ਜੇਲ੍ਹ ਦੇ ਸੁਪਰੀਡੈਂਟ ਨੂੰ ਵੀ ਸਜ਼ਾ ਮੁਆਫ਼ ਕਰਨ ਦਾ ਅਖ਼ਤਿਆਰੀ ਅਧਿਕਾਰ ਹੈ ਕਿ ਉਹ ਚੰਗੇ ਆਚਰਣ ਵਾਲੇ ਕੈਦੀ ਨੂੰ ਸਜ਼ਾ ‘ਚ ਇਕ ਮਹੀਨੇ ਦੀ ਰਿਆਇਤ ਦੇ ਸਕਦਾ ਹੈ। ਇਸ ਤੋਂ ਇਲਾਵਾ ਕਾਰਜਕਾਰੀ ਮੁਆਫ਼ੀ ਵਜੋਂ ਇਕ ਸਾਲ ਦੀ ਸਜ਼ਾ ਕੱਟਣ ਵਾਲਾ ਕੈਦੀ, ਖ਼ਾਸ ਕਰ ਕੇ ਸਿੱਧੂ ਦੇ ਕੇਸ ‘ਚ ਚੰਗੇ ਆਚਰਣ ਅਤੇ ਪੈਰੋਲ ਨਾ ਹੋਣ ਕਾਰਨ 40 ਦਿਨਾਂ ਦੀ ਰਿਆਇਤ ਦਾ ਨਿਯਮ ਮੁਤਾਬਕ ਹੱਕਦਾਰ ਹੈ। ਇਸ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਰਿਹਾਈ 9 ਅਪ੍ਰੈਲ ਦੇ ਨੇੜੇ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਸੂਬੇ ‘ਚ ਵਿਸਾਖੀ ਦੇ ਤਿਉਹਾਰ ਮੌਕੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਲਿਸਟ ਤਿਆਰ ਕਰ ਰਹੀ ਹੈ, ਜਿਸ ‘ਚ 26 ਜਨਵਰੀ ਨੂੰ ਰਿਹਾਅ ਕਰਨ ਲਈ ਬਣੀ ਪ੍ਰਸਤਾਵਿਤ ਲਿਸਟ ‘ਚ ਸ਼ਾਮਲ ਜ਼ਿਆਦਾਤਰ ਕੈਦੀਆਂ ਦੇ ਨਾਂ ਸ਼ਾਮਲ ਹਨ। ਨਵਜੋਤ ਸਿੱਧੂ ਪਟਿਆਲਾ ਜੇਲ੍ਹ ‘ਚ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਚਰਣ ਵੀ ਚੰਗਾ ਰਿਹਾ ਹੈ ਅਤੇ ਉਨ੍ਹਾਂ ਨੇ ਕੋਈ ਪੈਰੋਲ ਨਹੀਂ ਲਈ ਹੈ ਅਤੇ ਆਪਣਾ ਕੰਮ ਵੀ ਬਾਖੂਬੀ ਨਿਭਾਇਆ ਹੈ। ਪਿਛਲੀਆਂ ਸਰਕਾਰਾਂ ਖ਼ਾਸ ਕਰ ਕੇ ਅਕਾਲੀ ਸਰਕਾਰ ਵੇਲੇ ਕੈਦੀਆਂ ਨੂੰ ਸਾਲ ‘ਚ ਦੋ ਵਾਰ ਰਿਹਾਅ ਕੀਤਾ ਜਾਂਦਾ ਸੀ, ਜੋ ਕਿ ਬਾਅਦ ‘ਚ ਕੇਂਦਰ ਸਰਕਾਰ ਦੀਆਂ ਹਦਾਇਤਾਂ ਕਾਰਨ ਘਟਾ ਦਿੱਤਾ ਗਿਆ।