ਪਿਛਲੇ ਦਿਨੀਂ 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਚਰਚਿਤ ਖ਼ਬਰ ਦੇ ਸਬੰਧ ‘ਚ ਜਲੰਧਰ ਪੁਲੀਸ ਨੇ ਕਾਰਵਾਈ ਕਰਦਿਆਂ ਲੱਖਾਂ ਰੁਪਏ ਭੋਟਣ ਵਾਲੇ ਇਕ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਫਰਾਰ ਦੱਸੇ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਭੋਟ ਕੇ ਉਨ੍ਹਾਂ ਨੂੰ ਵਿਦੇਸ਼ ਦੇ ਕਈ ਪ੍ਰਾਈਵੇਟ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਦੇਣ ਦੇ ਦੋਸ਼ ‘ਚ ਜਲੰਧਰ ਕਮਿਸ਼ਨਰੇਟ ਪੁਲੀਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ 2 ਹੋਰਨਾਂ ਦੀ ਭਾਲ ‘ਚ ਪੁਲੀਸ ਵੱਲੋਂ ਛਾਪੇਮਾਰੀ ਜਾਰੀ ਹੈ। ਕਾਬੂ ਕਾਰੋਬਾਰੀ ਤੋਂ ਫਰਜ਼ੀਵਾੜੇ ਬਾਰੇ ਪੁੱਛਗਿੱਛ ਡੀ.ਸੀ.ਪੀ. ਵਤਸਲਾ ਗੁਪਤਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਨੂੰ ਵੱਖ-ਵੱਖ ਲੋਕਾਂ ਨੇ ਦਿੱਤੀਆਂ ਸ਼ਿਕਾਇਤਾਂ ‘ਚ ਦੋਸ਼ ਲਾਇਆ ਸੀ ਕਿ ਟਰੈਵਲ ਏਜੰਟੀ ਦਾ ਕਾਰੋਬਾਰ ਕਰਨ ਵਾਲੇ ਕੁਝ ਟਰੈਵਲ ਏਜੰਟ ਪੰਜਾਬ ਦੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਬਣਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਸਰਕਾਰ ਨੇ ਇਕ ਵੱਡਾ ਖ਼ੁਲਾਸਾ ਕਰਦੇ ਹੋਏ ਪੜ੍ਹਾਈ ਦੇ ਤੌਰ ‘ਤੇ ਕੈਨੇਡਾ ਪਹੁੰਚੇ 700 ਵਿਦਿਆਰਥੀਆਂ ਦਾ ਫਰਜ਼ੀਵਾੜਾ ਫੜਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੇ ਨਾਲ ਹੀ ਇਸ ਵੱਡੇ ਫਰਜ਼ੀਵਾੜੇ ‘ਚ ਜਲੰਧਰ ਦੇ ਇਕ ਟਰੈਵਲ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲੈਂਦਿਆਂ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ 700 ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮਚ ਗਿਆ ਸੀ। ਇਸ ਵੱਡੇ ਫਰਜ਼ੀਵਾੜੇ ‘ਚ ਫਰਜ਼ੀ ਦਸਤਾਵੇਜ਼ਾਂ ‘ਤੇ 700 ਵਿਦਿਆਰਥੀਆਂ ਨੂੰ ਵਿਦੇਸ਼ ਪਹੁੰਚਾਉਣ ਵਾਲੇ ਜਲੰਧਰ ਦੇ ਟਰੈਵਲ ਕਾਰੋਬਾਰੀ ਦਾ ਨਾਂ ਸਾਹਮਣੇ ਆਉਣ ‘ਤੇ ਪੂਰੇ ਸੂਬੇ ਦੇ ਟਰੈਵਲ ਕਾਰੋਬਾਰੀ ਫਿਕਰਮੰਦ ਹੋ ਗਏ। ਕੈਨੇਡਾ ਸਰਕਾਰ ਵੱਲੋਂ ਇਸ ਫਰਜ਼ੀਵਾੜੇ ਦਾ ਖ਼ੁਲਾਸਾ ਕਰਨ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਦੀ ਉਕਤ ਟਰੈਵਲ ਕਾਰੋਬਾਰੀ ਦੀ ਭਾਲ ‘ਚ ਜੁਟ ਗਈ। ਫਰਜ਼ੀਵਾੜਾ ਸਾਹਮਣੇ ਆਉਣ ‘ਤੇ ਉਕਤ ਕਾਰੋਬਾਰੀ ਆਪਣੇ ਦਫ਼ਤਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 2018 ਤੋਂ 2022 ਵਿਚਕਾਰ ਜਲੰਧਰ ਦੇ ਇਕ ਟਰੈਵਲ ਕਾਰੋਬਾਰੀ ਨੇ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲੁਆ ਦਿੱਤੇ। ਇਸ ਦੀ ਇਵਜ਼ ‘ਚ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। ਇਸ ਫਰਜ਼ੀਵਾੜੇ ‘ਚ ਸਾਰੇ ਵਿਦਿਆਰਥੀ ਕੈਨੇਡਾ ਦੇ ਟੋਰਾਂਟੋ ‘ਚ ਪਹੁੰਚੇ। ਇਸ ਤੋਂ ਬਾਅਦ ਟਰੈਵਲ ਕਾਰੋਬਾਰੀ ਨੇ ਸਾਰਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਕ ਹੀ ਗੱਲ ਕਹੀ ਕਿ ਜਿਸ ਕਾਲਜ ‘ਚ ਉਹ ਜਾ ਰਹੇ ਹਨ, ਉਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ। ਸਭ ਨੂੰ ਅਗਲੇ ਸਮੈਸਟਰ ‘ਚ ਸੀਟਾਂ ਦਿਵਾਈਆਂ ਜਾਣਗੀਆਂ। ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਉਸ ਨੇ ਕੁਝ ਰਾਸ਼ੀ ਵੀ ਮੋੜ ਦਿੱਤੀ। ਉਕਤ ਟਰੈਵਲ ਕਾਰੋਬਾਰੀ ਨੇ ਉਥੇ ਪਹੁੰਚੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ‘ਚ ਦਾਖਲਾ ਲੈਣ ਦੀ ਗੱਲ ਕਹੀ। ਕਈ ਵਿਦਿਆਰਥੀਆਂ ਨੇ ਹੋਰ ਕਾਲਜਾਂ ‘ਚ 2 ਸਾਲ ਦੇ ਡਿਪਲੋਮਾ ਕੋਰਸ ‘ਚ ਦਾਖ਼ਲਾ ਲਿਆ। ਉਸ ਤੋਂ ਬਾਅਦ ਕੈਨੇਡਾ ਪਹੁੰਚੇ ਵਿਦਿਆਰਥੀਆਂ ਨੇ 2 ਸਾਲ ਤੱਕ ਕਾਲਜ ‘ਚ ਪੂਰੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਇਕ ਸਾਲ ਦੇ ਵਰਕ ਪਰਮਿਟ ਤਹਿਤ ਉਥੇ ਕੰਮ ਵੀ ਕੀਤਾ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਫਰਜ਼ੀਵਾੜਾ ਫੜ ਕੇ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲਿਆ।