ਭਾਰਤੀ ਮੂਲ ਦੇ ਅਜੇ ਬੰਗਾ ਦਾ ਬਿਨਾਂ ਕਿਸੇ ਵਿਰੋਧ ਦੇ ਵਰਲਡ ਬੈਂਕ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ। ਨਾਮਜ਼ਦਗੀਆਂ ਬੁੱਧਵਾਰ ਨੂੰ ਖਤਮ ਹੋ ਗਈਆਂ। ਕਿਸੇ ਹੋਰ ਦੇਸ਼ ਨੇ ਜਨਤਕ ਤੌਰ ‘ਤੇ ਵਿਕਲਪਕ ਉਮੀਦਵਾਰ ਦਾ ਪ੍ਰਸਤਾਵ ਨਹੀਂ ਦਿੱਤਾ ਹੈ। ਮਤਲਬ ਬੰਗਾ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਹੀਂ ਹੈ। ਇੰਡੀਆ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੇ ਬੰਗਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਮਾਸਟਰਕਾਰਡ ਇੰਕ. ਦੇ ਸਾਬਕਾ ਸੀ.ਈ.ਓ. ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਜਦੋਂ ਮੌਜੂਦਾ ਚੇਅਰਮੈਨ ਡੇਵਿਡ ਮਾਲਪਾਸ ਨੇ ਲਗਭਗ ਇਕ ਸਾਲ ਪਹਿਲਾਂ ਅਹੁਦਾ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਬਲੂਮਬਰਗ ਨਿਊਜ਼ ਅਨੁਸਾਰ 2019 ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਲਪਾਸ ਨੂੰ ਨਾਮਜ਼ਦ ਕੀਤਾ ਸੀ। ਮਾਲਪਾ ਦੀ ਚੋਣ ਵੀ ਬਿਨਾਂ ਮੁਕਾਬਲਾ ਹੋਈ ਸੀ। ਇਸ ਅਹੁਦੇ ਲਈ ਹਮੇਸ਼ਾ ਅਮਰੀਕਨ ਉਮੀਦਵਾਰ ਨੂੰ ਚੁਣਿਆ ਗਿਆ ਹੈ। ਅਮਰੀਕਾ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਵਰਲਡ ਬੈਂਕ ਦੇ ਨਿਯਮ ਮੈਂਬਰ ਦੇਸ਼ਾਂ ਨੂੰ ਇਕ ਸਮੇਂ ਦੀ ਮਿਆਦ ਦੌਰਾਨ ਨਾਮ ਦਰਜ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ ਜਿਸਦੀ ਮਿਆਦ ਬੁੱਧਵਾਰ ਦੁਪਹਿਰ ਨੂੰ ਖਤਮ ਹੋ ਗਈ ਸੀ। ਅਜਿਹੇ ‘ਚ ਅਜੇ ਬੰਗਾ ਦੇ ਸਾਹਮਣੇ ਕੋਈ ਖੜ੍ਹਾ ਨਜ਼ਰ ਨਹੀਂ ਆ ਰਿਹਾ। ਨਾਮਜ਼ਦਗੀ ਫਰਵਰੀ ਦੇ ਅਖੀਰ ‘ਚ ਸ਼ੁਰੂ ਹੋਈ ਸੀ। ਵਰਲਡ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਮਾਸਟਰਕਾਰਡ ਦੇ ਸਾਬਕਾ ਸੀ.ਈ.ਓ. ਅਜੇ ਬੰਗਾ ਦੇ ਸ਼ਿਮਲਾ ਨਾਲ ਸਬੰਧਤ ਹਨ। ਪੁਣੇ ‘ਚ ਜਨਮੇ ਬੰਗਾ ਨੇ 70 ਦੇ ਦਹਾਕੇ ‘ਚ ਸ਼ਿਮਲਾ ਦੇ ਸੇਂਟ ਐਡਵਰਡ ਸਕੂਲ ਤੋਂ ਆਪਣੀ ਪ੍ਰਾਇਮਰੀ ਸਕੂਲੀ ਪੜ੍ਹਾਈ ਕੀਤੀ। ਉਸਦੇ ਪਿਤਾ ਫੌਜ ‘ਚ ਇਕ ਅਫਸਰ ਸਨ। ਇਸ ਦੌਰਾਨ ਉਹ ਕੁਝ ਸਮੇਂ ਲਈ ਸ਼ਿਮਲਾ ‘ਚ ਤਾਇਨਾਤ ਰਹੇ। ਇਸ ਦੌਰਾਨ ਅਜੇ ਬੰਗਾ ਨੂੰ ਪੜ੍ਹਾਈ ਲਈ ਸੇਂਟ ਐਡਵਰਡ ਸਕੂਲ ਸ਼ਿਮਲਾ ਵਿਖੇ ਦਾਖਲ ਕਰਵਾਇਆ ਗਿਆ। ਇਹ ਸੇਂਟ ਐਡਵਰਡ ਸਕੂਲ ਲਈ ਹੀ ਨਹੀਂ ਸਗੋਂ ਸ਼ਿਮਲਾ ਅਤੇ ਹਿਮਾਚਲ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਬੰਗਾ ਨੂੰ ਵਰਲਡ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਅਜੇ ਬੰਗਾ ਦਾ ਨਿੱਜੀ ਖੇਤਰ, ਖਾਸ ਕਰਕੇ ਵਿੱਤ ਅਤੇ ਬੈਂਕਿੰਗ ਖੇਤਰ ‘ਚ ਲੰਬਾ ਕਰੀਅਰ ਰਿਹਾ ਹੈ। ਉਹ ਵਰਤਮਾਨ ‘ਚ ਜਨਰਲ ਅਟਲਾਂਟਿਕ ‘ਚ ਉਪ ਪ੍ਰਧਾਨ ਵਜੋਂ ਸੇਵਾ ਨਿਭਾਅ ਰਿਹਾ ਹੈ। ਇਸ ਤੋਂ ਪਹਿਲਾਂ ਉਹ ਮਾਸਟਰਕਾਰਡ ਇੰਕ ਦੇ ਪ੍ਰਧਾਨ ਅਤੇ ਸੀ.ਈ.ਓ. ਰਹਿ ਚੁੱਕੇ ਹਨ। ਸਾਲ 2016 ‘ਚ ਉਸਨੂੰ ਇੰਡੀਆ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।