ਪਟਿਆਲਾ ਕੇਂਦਰੀ ਜੇਲ੍ਹ ਤੋਂ ਬੀਤੇ ਕੱਲ੍ਹ ਰੋਡ ਰੇਜ ਮਾਮਲੇ ‘ਚ ਦਸ ਮਹੀਨੇ ਦੀ ਕੈਦ ਕੱਟ ਕੇ ਰਿਹਾਅ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੁਪਹਿਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪੁੱਜੇ। ਇਸ ਸਮੇਂ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਂ ਚਰਨ ਕੌਰ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਮੁਲਾਕਾਤ ਤੇ ਗੱਲਬਾਤ ਕੀਤੀ। ਉਪਰੰਤ ਉਨ੍ਹਾਂ ਉਥੇ ਹੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਸਮੇਂ ਵੀ ਉਨ੍ਹਾਂ ਨੂੰ ਨਾਲ ਹੀ ਬਿਠਾਇਆ। ਇਸ ਸਮੇਂ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸੇਧਿਆ ਅਤੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜ਼ੈੱਡ ਸੁਰੱਖਿਆ ਅਤੇ ਬੁਲਟ ਪਰੂਫ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਵਿਸ਼ਵ ਪ੍ਰਸਿੱਧੀ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ। ਇਸ ਤੋਂ ਵੀ ਵੱਧ ਵਾਪਸ ਲਈ ਸੁਰੱਖਿਆ ਬਾਰੇ ਦੱਸਣਾ ਨਹੀਂ ਹੁੰਦਾ ਜਦੋਂ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੱਧ ਚੜ੍ਹ ਕੇ ਸੋਸ਼ਲ ਮੀਡੀਆ ‘ਤੇ ਪ੍ਰਚਾਰਿਆ। ਇਸੇ ਦਾ ਲਾਹਾ ਲੈ ਕੇ ਗੈਂਗਸਟਰਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕੀਤਾ। ਹੁਣ ਇਕ ਸਾਲ ਤੋਂ ਉਸ ਦੇ ਮਾਪੇ ਅਤੇ ਹਜ਼ਾਰਾਂ ਹੋਰ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਮਾਪੇ ਜਿਨ੍ਹਾਂ ‘ਤੇ ਸ਼ੱਕ ਜ਼ਾਹਿਰ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਉਲਟਾ ਗੈਂਗਸਟਰ ਜੇਲ੍ਹਾਂ ‘ਚ ਬੈਠ ਕੇ ਇੰਟਰਵਿਊ ਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਹਾਲੇ ਤੱਕ ਸੈਟੇਲਾਈਟ ਜੈਮਰ ਲਾ ਕੇ ਮੋਬਾਈਲ ਤੇ ਨੈੱਟ ਦੀ ਵਰਤੋਂ ‘ਤੇ ਰੋਕ ਕਿਉਂ ਨਹੀਂ ਲਾਈ ਗਈ। ਉਨ੍ਹਾਂ ਆਪਣੀ ਸਰੁੱਖਿਆ ਦੀ ਕਟੌਤੀ ਦਾ ਮਾਮਲਾ ਵੀ ਚੁੱਕਿਆ ਅਤੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਅਤੇ ਸੱਚ ਦੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਹੁਣ ਸੁਧਾਰ ਘਰ ਨਹੀਂ ਸਗੋਂ ਗੁੰਡਿਆਂ ਤੇ ਗੈਂਗਸਟਰਾਂ ਲਈ ਆਰਾਮਘਰ ਬਣ ਗਈਆਂ ਹਨ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਜੋ ਗੱਲਾਂ ਕਰਦੇ ਸਨ ਹੁਣ ਉਨ੍ਹਾਂ ‘ਤੇ ਖਰੇ ਨਹੀਂ ਉੱਤਰ ਰਹੇ। ਅਮਨ ਕਾਨੂੰਨ ਦੀ ਵਿਗੜੀ ਸਥਿਤੀ ਤੋਂ ਇਲਾਵਾ ਉਨ੍ਹਾਂ ਸੂਬੇ ‘ਚ ਨਸ਼ਿਆਂ ਅਤੇ ਫੈਲੇ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਚੁੱਕਿਆ। ਇਸ ਸਮੇਂ ਨਾਜ਼ਰ ਸਿੰਘ ਮਾਨਸ਼ਾਹੀਆ, ਅਸ਼ਵਨੀ ਸੇਖੜੀ ਸਮੇਤ ਕਈ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।