ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੌਰਾਨ ਸੱਤ ਸਾਲ ਪਹਿਲਾਂ ਇਕ ਪੌਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ‘ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣ 4 ਦਸੰਬਰ ਨੂੰ ਮੈਨਹੱਟਨ ਕੋਰਟ ‘ਚ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਲਈ ਨਿਰਧਾਰਤ ਕੀਤੀ ਗਈ ਹੈ। ਮੰਗਲਵਾਰ ਨੂੰ ਕੋਰਟ ‘ਚ ਪੇਸ਼ੀ ਦੌਰਾਨ ਟਰੰਪ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ। ਪੇਸ਼ੀ ਮੌਕੇ ਟਰੰਪ ਨੂੰ ਭਾਵੇਂ ਇਹਤਿਆਤ ਵਜੋਂ ਹਿਰਾਸਤ ‘ਚ ਲੈ ਲਿਆ ਗਿਆ ਸੀ, ਪਰ ਅਦਾਲਤੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਟਰੰਪ ਹੁਣ ਇਸ ਮਾਮਲੇ ‘ਚ 4 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣਗੇ। ਉਂਜ ਇਕ ਘੰਟੇ ਤੱਕ ਚੱਲੀ ਅਦਾਲਤੀ ਕਾਰਵਾਈ ਦੌਰਾਨ ਟਰੰਪ ਸਿਰਫ਼ ਛੇ ਵਾਰ ਹੀ ਬੋਲੇ। ਟਰੰਪ, ਪਹਿਲੇ ਸਾਬਕਾ ਅਮਰੀਕਨ ਰਾਸ਼ਟਰਪਤੀ ਹਨ ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਦੋਸ਼ ਲੱਗੇ ਹਨ। ਪੇਸ਼ੀ ਦੌਰਾਨ ਇਸਤਗਾਸਾ ਧਿਰ ਨੇ 34 ਦੋਸ਼ ਲਾਏ, ਪਰ ਟਰੰਪ ਨੇ ਖੁ਼ਦ ਨੂੰ ਬੇਕਸੂਰ ਦੱਸਦਿਆਂ ਗੁਨਾਹ ਮੰਨਣ ਤੋਂ ਨਾਂਹ ਕਰ ਦਿੱਤੀ। ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਪੌਰਨ ਸਟਾਰ ਸਟੌਰਮੀ ਡੈਨੀਅਲਜ਼ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸਿਆਂ ਦੀ ਅਦਾਇਗੀ ਕੀਤੀ ਸੀ। ਦਸੰਬਰ ‘ਚ ਹੋਣ ਵਾਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਜੁਆਂ ਐੱਮ. ਮਰਚਨ ਕੇਸ ਰੱਦ ਕਰਨ ਲਈ ਰੱਖੇ ਜਾਣ ਵਾਲੇ ਸੰਭਾਵੀ ਮਤਿਆਂ ਬਾਰੇ ਫੈਸਲਾ ਕਰਨਗੇ। ਰਿਪੋਰਟ ਮੁਤਾਬਕ ਇਸਤਗਾਸਾ ਧਿਰ ਨੇ ਕਿਹਾ ਕਿ ਉਹ ਅਗਲੇ 65 ਦਿਨਾਂ ‘ਚ ਟਰੰਪ ਖ਼ਿਲਾਫ਼ ਹੋਰ ਸਬੂਤ ਪੇਸ਼ ਕਰਨਗੇ। ਟਰੰਪ ਦੀ ਟੀਮ ਕੋਲ ਅਪਰਾਧਿਕ ਦੋਸ਼ਾਂ ਖ਼ਿਲਾਫ਼ ਕੋਰਟ ‘ਚ ਕਿਸੇ ਤਰ੍ਹਾਂ ਦਾ ਮਤਾ ਦਾਇਰ ਕਰਨ ਲਈ 8 ਅਗਸਤ ਤੱਕ ਦਾ ਸਮਾਂ ਹੈ ਜਦੋਂਕਿ ਇਸਤਗਾਸਾ ਧਿਰ ਨੂੰ 19 ਸਤੰਬਰ ਤੱਕ ਇਸ ਦਾ ਜਵਾਬ ਦੇਣਾ ਹੋਵੇਗਾ। ਜੱਜ ਮਰਚਨ ਇਨ੍ਹਾਂ ਮਤਿਆਂ ਨੂੰ ਲੈ ਕੇ 4 ਦਸੰਬਰ ਨੂੰ ਫੈਸਲਾ ਸੁਣਾ ਸਕਦੇ ਹਨ। ਪੂਰੇ ਅੱਠ ਮਹੀਨਿਆਂ ਬਾਅਦ ਹੋਣ ਵਾਲੀ ਸੁਣਵਾਈ ਦੌਰਾਨ ਸਾਬਕਾ ਅਮਰੀਕਨ ਰਾਸ਼ਟਰਪਤੀ ਨਿੱਜੀ ਤੌਰ ‘ਤੇ ਮੌਜੂਦ ਰਹਿਣਗੇ।