ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ‘ਤੇ ਗੁਜਰਾਤ ਨਾਲ ਸਬੰਧਤ ਇਕ ਭਾਰਤੀ ਅਤੇ ਰੋਮਾਨੀਅਨ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਹੀ ਜਾਂਚ ਦੀ ਲੋੜ ਹੈ। ਉਸ ਨੇ ਇਸ ਘਟਨਾ ਦੇ ਕਾਰਨਾਂ ਬਾਰੇ ਅਟਕਲਾਂ ਨਾ ਲਗਾਉਣ ‘ਤੇ ਵੀ ਜ਼ੋਰ ਦਿੱਤਾ। ਪਿਛਲੇ ਹਫ਼ਤੇ ਸੇਂਟ ਲਾਰੈਂਸ ਨਦੀ ‘ਚ ਇਕ ਕਿਸ਼ਤੀ ਦੇ ਪਲਟਣ ਨਾਲ ਦੋ ਪਰਿਵਾਰਾਂ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਨੂੰ ਸ਼ੁੱਕਰਵਾਰ ਨੂੰ ਕਿਊਬਿਕ, ਓਂਟਾਰੀਓ ਅਤੇ ਨਿਊਯਾਰਕ ਰਾਜ ਨੇੜੇ ਅਕਵੇਸਨ ਖੇਤਰ ‘ਚ ਇਕ ਨਦੀ ਨੇੜੇ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਘਟਨਾ ‘ਚ ਜਾਨ ਗਵਾਉਣ ਵਾਲੇ ਭਾਰਤੀਆਂ ਦੀ ਪਛਾਣ ਇੰਡੀਆ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪ੍ਰਵੀਨ ਚੌਧਰੀ (50), ਦਕਸ਼ਾਬੇਨ ਚੌਧਰੀ (45), ਉਨ੍ਹਾਂ ਦੀ ਧੀ ਵਿਧੀ (23) ਅਤੇ ਪੁੱਤਰ ਮੇਟ (20) ਵਜੋਂ ਕੀਤੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕਿਸ਼ਤੀ ਹਾਦਸੇ ਅਤੇ ਹਾਲ ਹੀ ‘ਚ ਰੋਕਸਹੈਮ ਰੋਡ ‘ਤੇ ਗੈਰਕਾਨੂੰਨੀ ਬਾਰਡਰ ਕਰਾਸਿੰਗ ਬੰਦ ਕੀਤੇ ਜਾਣ ਦੇ ਕਦਮ ਨੂੰ ਆਪਸ ‘ਚ ਜੋੜਨਾ ਬਹੁਤ ਜਲਦਬਾਜ਼ੀ ਹੈ। ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਇਨ੍ਹਾਂ ਪਰਿਵਾਰਾਂ ਨਾਲ ਜੋ ਹੋਇਆ, ਉਹ ਨਾ ਸਿਰਫ਼ ਨਿਰਾਸ਼ਾਜਨਕ ਹੈ, ਸਗੋਂ ਦਿਲ ਦਹਿਲਾਉਣ ਵਾਲਾ ਹੈ।’ ਇਸ ਲਈ ਇਨ੍ਹਾਂ ਦੇ ਜਵਾਬ ਲੱਭਣ ਦੀ ਲੋੜ ਹੈ ਜਿਸ ਲਈ ਸਾਨੂੰ ਸਹੀ ਜਾਂਚ ਯਕੀਨੀ ਬਣਾਉਣੀ ਪਵੇਗੀ। ਬਿਹਤਰ ਜ਼ਿੰਦਗੀ ਦੀ ਤਲਾਸ਼ ਇਓਂ ਬਾਰਡਰ ਟੱਪ ਕੇ ਜਾਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਪਿੱਛੇ ਜਿਹੇ ਭਾਰਤੀ ਮੂਲ ਦਾ ਇਕ ਪਰਿਵਾਰ ਬੱਚਿਆਂ ਸਮੇਤ ਠੰਢ ‘ਚ ਮਰ ਗਿਆ ਸੀ।