ਇਕ ਪੰਜਾਬੀ ਵਿਅਕਤੀ ‘ਤੇ ਗੈਰਕਾਨੂੰਨੀ ਢੰਗ ਨਾਲ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਵਾਉਣ ਦੇ ਦੋਸ਼ ਲੱਗੇ ਹਨ। ਬਰੈਂਪਟਨ ਦੇ ਸਿਮਰਨਜੀਤ ਸ਼ੈਲੀ ਸਿੰਘ ਨੂੰ 9-ਕਾਊਂਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ‘ਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਨੇਡਾ-ਅਮਰੀਕਾ ਬਾਰਡਰ ਰਾਹੀਂ ਭੇਜਣ ਦੇ ਦੋਸ਼ ਹਨ। ਸਿਮਰਨਜੀਤ ਸਿੰਘ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਅਕਵੇਸਨ ਮੋਹੌਕ ਖੇਤਰ ਦੀ ਵਰਤੋਂ ਕਰਕੇ ਮਨੁੱਖੀ ਤਸਕਰੀ ਦਾ ਕੰਮ ਕਰਦਾ ਸੀ। ਅਦਾਲਤੀ ਦਸਤਾਵੇਜ਼ ਮੁਤਾਬਕ ਸਿਮਰਨਜੀਤ ਸਿੰਘ ਨੇ ਕਥਿਤ ਤੌਰ ‘ਤੇ ਇਕ ਦਲਾਲ ਦੇ ਤੌਰ ‘ਤੇ ਕੰਮ ਕੀਤਾ, ਜੋ ਮੁੱਖ ਤੌਰ ‘ਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ‘ਚ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ ਸੀ। ਉਸ ਨੂੰ ਕੈਨੇਡਾ ਪੁਲੀਸ ਨੇ ਅਮਰੀਕਾ ਹਵਾਲੇ ਕਰ ਦਿੱਤਾ ਸੀ। ਸਿਮਰਨਜੀਤ ਨੂੰ ਨਿਊਯਾਰਕ ਦੇ ਉੱਤਰੀ ਜ਼ਿਲ੍ਹੇ ‘ਚ ਅਮਰੀਕੀ ਸੰਘੀ ਅਦਾਲਤ ‘ਚ ਮਨੁੱਖੀ ਤਸਕਰੀ ਨਾਲ ਸਬੰਧਤ ਦੋਸ਼ਾਂ ਤਹਿਤ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਅਦਾਲਤੀ ਰਿਕਾਰਡ ਦੇ ਅਨੁਸਾਰ ਇਹ ਦੋਸ਼ ਮਾਰਚ 2020 ਅਤੇ ਅਪ੍ਰੈਲ 2022 ਦਰਮਿਆਨ ਸੇਂਟ ਲਾਰੈਂਸ ਨਦੀ ਦੇ ਪਾਰ ਤਸਕਰੀ ਦੀਆਂ 4 ਅਸਫ਼ਲ ਕੋਸ਼ਿਸ਼ਾਂ ਨਾਲ ਸਬੰਧਤ ਨਿਗਰਾਨੀ, ਫੇਸਬੁੱਕ ਸੰਦੇਸ਼ਾਂ ਅਤੇ ਮਨੁੱਖੀ ਸਰੋਤਾਂ ਦੁਆਰਾ ਇਕੱਠੇ ਕੀਤੇ ਸਬੂਤਾਂ ‘ਤੇ ਆਧਾਰਤ ਹਨ।