ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਅੱਜ ਯੂਟਿਊਬ ‘ਤੇ ਰਿਲੀਜ਼ ਹੋ ਗਿਆ। ਰਿਲੀਜ਼ ਹੁੰਦੇ ਹੀ ਪਹਿਲੇ ਦਸਾਂ ਮਿੰਟਾਂ ‘ਚ ਲੱਖਾਂ ਵਿਊ ਆਏ ਅਤੇ ਕੁਝ ਘੰਟੇ ‘ਚ ਇਹ ਗਿਣਤੀ ਮਿਲੀਅਨ ਤੋਂ ਟੱਪ ਗਈ। ਇੰਨਾ ਹੀ ਨਹੀਂ ਕੁਝ ਘੰਟੇ ਅੰਦਰ ਹੀ ਡੇਢ ਲੱਖ ਕੁਮੈਂਟ ਵੀ ਸਾਹਮਣੇ ਆਏ। ਸਿੱਧੂ ਮੂਸੇਵਾਲਾ ਦੇ ਇਸ ਗੀਤ ‘ਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੀ ਵੀ ਆਵਾਜ਼ ਹੈ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲ ਉੱਪਰ ਰਿਲੀਜ਼ ਹੋਇਆ ਇਹ ਗੀਤ ਪਹਿਲੇ ਘੰਟੇ ‘ਚ 20 ਲੱਖ ਲੋਕਾਂ ਨੇ ਸੁਣਿਆ। ਇਸ ਦੌਰਾਨ 7 ਲੱਖ ਲੋਕਾਂ ਨੇ ਗੀਤ ਨੂੰ ਲਾਈਕ ਕੀਤਾ ਅਤੇ ਡੇਢ ਲੱਖ ਟਿੱਪਣੀਆਂ ਕੀਤੀਆਂ ਗਈਆਂ। ਇਸ ਗੀਤ ‘ਚ ਨਾਇਜੀਰੀਅਨ ਰੈਪਰ ਬਰਨਾ ਬੁਆਏ ਤੋਂ ਇਲਾਵਾ ਸਪੀਕ ਬੈਗਲਿਜ਼ ਨੇ ਆਵਾਜ਼ ਦਿੱਤੀ ਹੈ। ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ। ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਪਿੱਛੋਂ ਇਹ ਉਸ ਦਾ ਰਿਲੀਜ਼ ਹੋਇਆ ਤੀਸਰਾ ਗੀਤ ਹੈ। ਇਸ ਤੋਂ ਪਹਿਲਾਂ ‘ਐੱਸ.ਵਾਈ.ਐੱਲ’ ਗੀਤ ਰਿਲੀਜ਼ ਹੋਇਆ ਸੀ ਜਿਸ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਉਸ ਤੋਂ ਬਾਅਦ ਇਕ ਹੋਰ ਗੀਤ ‘ਵਾਰ’ ਰਿਲੀਜ਼ ਹੋਇਆ ਸੀ। ਰਿਲੀਜ਼ ਤੋਂ 10 ਘੰਟੇ ਬਾਅਦ ਗੀਤ ‘ਤੇ 8.3 ਮਿਲੀਅਨ ਵਿਊ ਅਤੇ 8 ਲੱਖ 60 ਹਜ਼ਾਰ ਤੋਂ ਵਧੇਰੇ ਕੁਮੈਂਟ ਸਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਨਵੇਂ ਗੀਤ ਨੂੰ ਦਿੱਤੇ ਇੰਨੇ ਪਿਆਰ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਮੇਸ਼ਾ ਜਿਊਂਦਾ ਰਹੇ। ਉਸ ਨੂੰ ਪਤਾ ਸੀ ਕਿ ਉਹ ਕੀ ਹੈ। ਉਨ੍ਹਾਂ ਨੂੰ ਹਮੇਸ਼ਾ ਆਪਣੇ ਪੁੱਤ ‘ਤੇ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਭੁੱਲਣ ਦੀ ਥਾਂ ਸਤਿਕਾਰ ਦਿੱਤਾ ਹੈ।