ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਹੀ ਬਣੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਵੀਡੀਓ ਜਾਰੀ ਹੋਈ ਤਾਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸਪੱਸ਼ਟੀਕਰਨ ਦੇ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਗੈਂਗਸਟਰਾਂ ਨੇ ਬੁਲੰਦ ਹੌਸਲਿਆਂ ਸਦਕਾ ਅਗਲੇ ਹੀ ਦਿਨ ਬਿਸ਼ਨੋਈ ਦੀ ਇਕ ਹੋਰ ਇੰਟਰਵਿਊ ਜਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲਾਰੈਂਸ ਨੂੰ ਹੀਰੋ ਤੇ ਰਾਸ਼ਟਰਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੂਸੇਵਾਲਾ ਦੇ ਅਸਲੀ ਕਾਤਲਾਂ ਨੂੰ ਹਾਲੇ ਤੱਕ ਨਹੀਂ ਫੜਿਆ ਗਿਆ ਤੇ ਪੰਜਾਬ ਸਰਕਾਰ ਇਸ ‘ਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਸਿੰਘ ਦੇ ਰਿਲੀਜ਼ ਹੋਏ ਨਵੇਂ ਗੀਤ ‘ਮੇਰਾ ਨਾਂ’ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਬੇਹਿਸਾਬ ਪਿਆਰ ਦਿੱਤਾ ਗਿਆ ਹੈ ਤੇ ਇਹੀ ਗੱਲ ਉਨ੍ਹਾਂ ਲਈ ਸਭ ਤੋਂ ਵੱਡੀ ਹਿੰਮਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਵੱਡਾ ਭੰਡਾਰ ਉਨ੍ਹਾਂ ਕੋਲ ਹੈ ਅਤੇ ਪੜਾਅ ਦਰ ਪੜਾਅ ਇਹ ਗੀਤ ਰਿਲੀਜ਼ ਕੀਤੇ ਜਾਣਗੇ ਤਾਂ ਜੋ ਸ਼ੁਭਦੀਪ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਆਵਾਜ਼ ਸੁਣਦੀ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਹਾਲੇ ਕਾਨੂੰਨੀ ਪ੍ਰਕਿਰਿਆ ‘ਚ ਹੈ, ਉਮੀਦ ਹੈ ਕਿ ਉਸ ਨੂੰ ਆਉਂਦੇ ਦਿਨਾਂ ‘ਚ ਰਿਲੀਜ਼ ਕੀਤਾ ਜਾ ਸਕੇਗਾ।