ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਅਟਵਾਲ ਨੇ ਅੱਜ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ‘ਚੋਂ ਅਸਤੀਫਾ ਦਿੱਤਾ ਸੀ। ਅਟਵਾਲ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਕਰਵਾਇਆ ਹੈ। ਇੰਦਰ ਇਕਬਾਲ ਸਿੰਘ ਅਟਵਾਲ ਹਲਕਾ ਕੂਮਕਲਾਂ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਚੁੱਕੇ ਹਨ। ਸੂਤਰ ਮੁਤਾਬਕ ਭਾਜਪਾ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ‘ਚ ਉਮੀਦਵਾਰ ਐਲਾਨ ਸਕਦੀ ਹੈ। ਦੱਸਣਯੋਗ ਹੈ ਕਿ ਅਟਵਾਲ ਪਰਿਵਾਰ ਜੋ ਕਿ ਹਮੇਸ਼ਾ ਅਕਾਲੀ ਟਕਸਾਲੀ ਪਰਿਵਾਰ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਜਲੰਧਰ ਲੋਕ ਸਭਾ ਸੀਟ ‘ਤੇ ਅਕਾਲੀ ਦਲ ਵਲੋਂ ਐੱਮ.ਪੀ. ਦੀ ਚੋਣ ਵੀ ਲੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਇਥੇ ਚੰਗਾ ਆਧਾਰ ਮੰਨਿਆ ਜਾ ਰਿਹਾ ਹੈ। ਇੰਦਰ ਇਕਬਾਲ ਸਿੰਘ ਅਟਵਾਲ ਦੇ ਅਕਾਲੀ ਦਲ ਛੱਡਣ ਨਾਲ ਜਿੱਥੇ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਉਥੇ ਹੀ ਜੇ ਭਾਜਪਾ ਉਨ੍ਹਾਂ ਨੂੰ ਜਲੰਧਰ ਸੀਟ ‘ਤੇ ਉਮੀਦਵਾਰ ਐਲਾਨਦੀ ਹੈ ਤਾਂ ਉਹ ਚੋਣਾਂ ‘ਚ ਸਖ਼ਤ ਟੱਕਰ ਦੇ ਸਕਦੇ ਹਨ। ਇਸ ਦੌਰਾਨ ਚਰਨਜੀਤ ਸਿੰਘ ਅਟਵਾਲ ਦੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਸਾਰਾ ਦਿਨ ਅਟਕਲਾਂ ਲੱਗਦੀਆਂ ਰਹੀਆਂ ਪਰ ਉਹ ਦੇਰ ਸ਼ਾਮ ਤੱਕ ਭਾਜਪਾ ‘ਚ ਸ਼ਾਮਲ ਨਹੀਂ ਹੋਏ। ਯਾਦ ਰਹੇ ਕਿ ਇੰਦਰ ਇਕਬਾਲ ਅਟਵਾਲ ਨੇ ਅਕਾਲੀ ਦਲ ਦੀ ਟਿਕਟ ‘ਤੇ ਰਾਏਕੋਟ ਤੋਂ 2017 ਵਿਧਾਨ ਸਭਾ ਚੋਣਾਂ ਲੜੀਆਂ ਸਨ। ਇਸ ਚੋਣ ‘ਚ ਉਨ੍ਹਾਂ ਨੂੰ 29,019 ਵੋਟਾਂ ਮਿਲੀਆਂ। ਅਟਵਾਲ ਚੋਣ ‘ਚ ਤੀਜੇ ਨੰਬਰ ‘ਤੇ ਰਹੇ। ਸਾਬਕਾ ਸਪੀਕਰ ਅਟਵਾਲ ਦੇ ਛੋਟੇ ਪੁੱਤਰ ਜਸਜੀਤ ਸਿੰਘ ਅਟਵਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ।