ਪੰਜਾਬ ਸਮੇਤ ਇੰਡੀਆ ਦੇ ਵੱਖ-ਵੱਖ ਸੂਬਿਆਂ ‘ਚ ਵਿਦੇਸ਼ਾਂ ‘ਚ ਬੈਠ ਕੇ ਗੈਂਗ ਚਲਾਉਣ ਵਾਲੇ ਗੈਂਗਸਟਰਾਂ ਖ਼ਿਲਾਫ਼ ਦਿੱਲੀ ਸਪੈਸ਼ਲ ਸੈੱਲ ਨੇ ‘ਆਪਰੇਸ਼ਨ ਕਲੀਨ’ ਸ਼ੁਰੂ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਕਾਰਨ ਦਿੱਲੀ ਦੇ ਸਾਰੇ ਟਾਪ ਵਾਂਟੇਡ ਅਪਰਾਧੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਦੱਸਿਆ ਜਾਂਦਾ ਹੈ ਕਿ ਦਿੱਲੀ ਪੁਲੀਸ ਦੇ ਕਮਿਸ਼ਨਰ ਸੰਜੇ ਅਰੋੜਾ ਨੇ ਹਾਲ ਹੀ ‘ਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਸਾਂਝੀ ਮੀਟਿੰਗ ਕੀਤੀ ਸੀ, ਜਿਸ ‘ਚ ਉਨ੍ਹਾਂ ਸਪੱਸ਼ਟ ਸੰਕੇਤ ਦਿੱਤਾ ਸੀ ਕਿ ਰਾਜਧਾਨੀ ‘ਚ ਚੱਲ ਰਹੇ ਸਾਰੇ ਸੰਗਠਿਤ ਗੈਂਗ ਦੀ ਕਮਰ ਨੂੰ ਪੂਰੀ ਤਰ੍ਹਾਂ ਤੋੜਿਆ ਜਾਵੇ ਅਤੇ ਵਾਂਟੇਡ ਦੀ ਸੂਚੀ ‘ਚ ਸ਼ਾਮਲ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ। ਇਸ ਤਹਿਤ ਹੁਣ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਏਜੰਸੀਆਂ ਨਾਲ ਹੱਥ ਮਿਲਾਇਆ ਹੈ। ਟਾਪ ਵਾਂਟੇਡ ਦੀ ਸੂਚੀ ‘ਚ ਸ਼ਾਮਲ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਅਤੇ ਬਿਹਾਰ ਦੇ ਛਪਰਾ ਤੋਂ ਮਨੀਸ਼ ਸਾਹੂ ਉਰਫ ਨਾਟਾ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਬਾਅਦ ਸੂਚੀ ‘ਚ 10 ਦੀ ਬਜਾਏ 7 ਤੋਂ 8 ਨਾਮ ਰਹਿ ਗਏ ਹਨ। ਗ੍ਰਹਿ ਮੰਤਰਾਲਾ ਮੁਤਾਬਕ ਕੁਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਜਿਹੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ‘ਚ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਅਜਿਹੇ 5 ਗੈਂਗਸਟਰਾਂ ਸਮੇਤ ਦੇਸ਼ ਭਰ ਦੇ ਕੁੱਲ 28 ਗੈਂਗਸਟਰਾਂ ਦੇ ਨਾਂ ਸ਼ਾਮਲ ਹਨ। ਐੱਨ.ਆਈ.ਏ. ਇਨਪੁਟ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਬਾਅਦ ਕਈ ਹੋਰ ਗੈਂਗਸਟਰ ਵੀ ਉਸੇ ਤਰਜ਼ ‘ਤੇ ਬਾਲੀਵੁੱਡ ਅਦਾਕਾਰਾਂ ਅਤੇ ਗਾਇਕਾਂ ਦੀਆਂ ਕਾਂਟ੍ਰੈਕਟ ਕਿਲਿੰਗ ਕਰਨਾ ਚਾਹੁੰਦੇ ਹਨ ਤਾਂ ਜੋ ਇਨ੍ਹਾਂ ਦੇ ਗੈਂਗ ਦਾ ਨਾਂ ਟਾਪ ਲਿਸਟ ‘ਚ ਸ਼ਾਮਲ ਹੋਵੇ।