ਬੇਮੌਸਮੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸਬ-ਡਿਵੀਜ਼ਨ ਕੰਪਲੈਕਸ ‘ਚ ਦਿੱਤੇ ਧਰਨੇ ਕਾਰਨ ਭੁਲੱਥ ‘ਚ ਹਾਲਾਤ ਇਕ ਵਾਰ ਤਣਾਅਪੂਰਨ ਬਣ ਗਏ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਤੇ ਪਾਰਟੀ ਕਾਰਕੁਨ ਵੀ ਖਹਿਰਾ ਦੇ ਬਰਾਬਰ ਸਬ-ਡਿਵੀਜ਼ਨ ਕੰਪਲੈਕਸ ‘ਚ ਧਰਨਾ ਦੇਣ ਲਈ ਆਹਮੋ-ਸਾਹਮਣੇ ਹੋ ਗਏ। ਪੁਲੀਸ ਵੱਲੋਂ ਸੁਰੱਖਿਆ ਲਈ ਕਸਬਾ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਰਾਣਾ ਅਤੇ ਸਾਥੀਆਂ ਦੇ ਇਕੱਠ ਨੂੰ ਰੈਸਟ ਹਾਊਸ ਨੇੜੇ ਪੁੱਜਣ ‘ਤੇ ਸੰਭਾਵੀ ਟਕਰਾਅ ਰੋਕਣ ਲਈ ਬੈਰੀਕੇਡ ਲਗਾ ਕੇ ਬੱਸ ਸਟੈਂਡ ‘ਚ ਧਰਨਾ ਲਗਾਉਣ ਲਈ ਮਜਬੂਰ ਕੀਤਾ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਤੇ ਸਮਰਥਕਾਂ ਵੱਲੋਂ ਕੰਪਲੈਕਸ ਦੇ ਗੇਟ ਅੱਗੇ ਆਹਮੋ-ਸਾਹਮਣੇ ਨਾਅਰੇਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਪੁਲੀਸ ਵੱਲੋਂ ਅੱਗੇ ਗੱਡੀਆਂ ਲਗਾ ਕੇ ਰੋਕਣ ਕਾਰਨ ਸੁਖਪਾਲ ਸਿੰਘ ਖਹਿਰਾ ਦੀ ਐੱਸ.ਪੀ. (ਡੀ) ਹਰਵਿੰਦਰ ਸਿੰਘ ਨਾਲ ਹੱਥੋਪਾਈ ਤੱਕ ਨੌਬਤ ਆ ਗਈ। ਇਸ ਪਿੱਛੋਂ ਦੋਵੇਂ ਧਿਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸੁਖਪਾਲ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਕਣਕਾਂ ਦੇ ਮੁਆਵਜ਼ੇ ਦੇਣ ਲਈ ਵਿਸ਼ੇਸ਼ ਗਿਰਦਾਵਰੀਆਂ ਜਲਦੀ ਕਰਾਉਣ ਦੀ ਮੰਗ ਕੀਤੀ। ਇਹ ਪ੍ਰਦਰਸ਼ਨ ਭੁਲੱਥ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਕਿਉਂਕਿ ਪੁਲੀਸ ਨੇ ਬੈਰੀਕੇਡ ਲਾ ਕੇ ਸੜਕਾਂ ਨੂੰ ਬੰਦ ਕੀਤਾ ਹੋਇਆ ਸੀ। ਐੱਸ.ਡੀ.ਐੱਮ. ਸੰਜੀਵ ਸ਼ਰਮਾ ਨੇ ਕਿਹਾ ਕਿ ਸਬ-ਡਿਵੀਜ਼ਨ ‘ਚ ਛੇ ਪਟਵਾਰੀ ਤੇ ਚਾਰ ਖੇਤੀਬਾੜੀ ਅਧਿਕਾਰੀ ਤੇ 107 ਪਿੰਡ ਹਨ। ਮਾਲ ਵਿਭਾਗ ਵੱਲੋਂ ਹਰ ਰੋਜ਼ ਗਿਰਦਾਵਰੀ ਕੀਤੀ ਜਾ ਰਹੀ ਹੈ।