ਉੱਚ ਪੱਧਰੀ ਵਫ਼ਦ ਨਾਲ ਅਮਰੀਕਾ ਦੌਰੇ ‘ਤੇ ਪੁੱਜੇ ਇੰਡੀਆ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਨ ਵਿੱਤ ਮੰਤਰੀ ਜੈਨੇਟ ਯੇਲੇਨ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਆਰਥਿਕ ਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਮੰਚਾਂ ‘ਤੇ ਸੰਪਰਕ ਵਧਾਉਣ ‘ਤੇ ਚਰਚਾ ਕੀਤੀ। ਸੀਤਾਰਮਨ ਨੇ ਵਰਲਡ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਬਸੰਤ ਮੀਟਿੰਗ ਤੋਂ ਇਲਾਵਾ ਯੇਲੇਨ ਨਾਲ ਮੁਲਾਕਾਤ ਕੀਤੀ। ਕਈ ਟਵੀਟਸ ‘ਚ ਬੈਠਕ ਦੇ ਵੇਰਵੇ ਦਿੰਦਿਆਂ ਵਿੱਤ ਮੰਤਰਾਲੇ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਇੰਡੀਆ ‘ਚ 22 ਨਵੰਬਰ ਨੂੰ ਹੋਈ ਪਿਛਲੀ ਬੈਠਕ ਨੂੰ ਅੱਗੇ ਵਧਾਉਂਦਿਆਂ ਇੰਡੀਆ ਤੇ ਅਮਰੀਕਾ ਵਿਚਾਲੇ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਇੰਡੀਆ ‘ਚ ਸੰਪਰਕ ਬਣਾਏ ਰੱਖਣ ‘ਤੇ ਸਹਿਮਤੀ ਪ੍ਰਗਟਾਈ, ਦੁਵੱਲੇ ਅਤੇ ਬਹੁਪੱਖੀ ਮੰਚਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ। ਇਸ ਦੌਰਾਨ ਸੀਤਾਰਮਨ ਨੇ ਦੋਵਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਤੇ ਜਲਵਾਯੂ ਪਰਿਵਰਤਨ ਸਮੇਤ ਵਿਸ਼ਵ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ‘ਚ ਜੀ-20, ਕਵਾਡ ਤੇ ਆਈ.ਪੀ.ਈ.ਐੱਫ. ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਸੀਤਾਰਮਨ ਨੇ ਅਮਰੀਕਾ ਦੇ ਸਾਬਕਾ ਵਣਜ ਸਕੱਤਰ ਪੈਨੀ ਪ੍ਰਿਟਜ਼ਕਰ ਨਾਲ ਵੀ ਮੁਲਾਕਾਤ ਕੀਤੀ ਅਤੇ ਵੱਖ-ਵੱਖ ਜਨਤਕ ਡਿਜੀਟਲ ਬੁਨਿਆਦੀ ਢਾਂਚੇ ਬਾਰੇ ਚਰਚਾ ਕੀਤੀ। ਉਨ੍ਹਾਂ ਪ੍ਰਿਟਜ਼ਕਰ ਨੂੰ ਦੱਸਿਆ ਕਿ ਪਿਛਲੇ ਦੋ ਸਾਲਾਂ ‘ਚ ਇੰਡੀਆ ‘ਚ ਆਮ ਆਦਮੀ ਦੁਆਰਾ ਟੈਕਨਾਲੋਜੀ ਨੂੰ ਵੱਡੇ ਪੱਧਰ ‘ਤੇ ਅਪਣਾਇਆ ਗਿਆ ਹੈ।