ਅਲਬਰਟਾ ਸੂਬੇ ‘ਚ ਵਾਪਰੇ ਸੜਕ ਹਾਦਸੇ ‘ਚ 32 ਸਾਲਾ ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਮੌਤ ਹੋ ਗਈ। 2019 ‘ਚ ਪੁਲੀਸ ‘ਚ ਭਰਤੀ ਹੋਏ ਕਾਂਸਟੇਬਲ ਧਾਮੀ ਨੂੰ ਹਾਰਵੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਹ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਦੀ ਸਟ੍ਰੈਥਕੋਨਾ ਕਾਉਂਟੀ ਟੁੱਕੜੀ ਨਾਲ ਤਾਇਨਾਤ ਸਨ। ਸਟ੍ਰੈਥਕੋਨਾ ਸੂਬੇ ਦੇ ਐਡਮੰਟਨ ਮੈਟਰੋਪੋਲੀਟਨ ਖੇਤਰ ਦੇ ਅੰਦਰ ਇਕ ਟਾਊਨਸ਼ਿਪ ਹੈ। ਆਰ.ਸੀ.ਐੱਮ.ਪੀ. ਦੇ ਬਿਆਨ ਮੁਤਾਬਕ ਸਵੇਰੇ ਦੋ ਵਜੇ ਦੇ ਕਰੀਬ ਉਹ ਇਕ ਸ਼ਿਕਾਇਤ ਮਿਲਣ ਮਗਰੋਂ ਮੌਕੇ ‘ਤੇ ਜਾ ਰਹੇ ਸਨ। ਪੁਲੀਸ ਮੁਤਾਬਕ ਕਾਂਸਟੇਬਲ ਧਾਮੀ ਗੱਡੀ ਖੁਦ ਚਲਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਕੰਕਰੀਟ ਬੈਰੀਅਰ ਨਾਲ ਟਕਰਾ ਗਈ। ਐਮਰਜੈਂਸੀ ਕਰਮਚਾਰੀਆਂ ਅਤੇ ਨਾਗਰਿਕਾਂ ਦੇ ਯਤਨਾਂ ਦੇ ਬਾਵਜੂਦ ਹਾਰਵੇ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ਦੀ ਜਾਂਚ ਸਟ੍ਰੈਥਕੋਨਾ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਜਾ ਰਹੀ ਹੈ। ਉਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਾਂਸਟੇਬਲ ਧਾਮੀ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘ਆਰ.ਸੀ.ਐੱਮ.ਪੀ. ਅਲਬਰਟਾ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਮੇਰੀ ਹਮਦਰਦੀ, ਜਿਨ੍ਹਾਂ ਦੇ ਡਿਊਟੀ ਦੌਰਾਨ ਆਪਣੀ ਜਾਨ ਗਵਾ ਦਿੱਤੀ ਹੈ।’