ਬਠਿੰਡਾ ਦੀ ਫੌਜੀ ਛਾਉਣੀ ‘ਚ ਅੱਜ ਤੜਕੇ ਹੋਈ ਫਾਇਰਿੰਗ ‘ਚ ਚਾਰ ਫੌਜੀਆਂ ਦੀ ਮੌਤ ਹੋ ਗਈ। ਇਸ ਬਾਰੇ ਪੰਜਾਬ ਪੁਲੀਸ ਨੇ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ ਜਦਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਘਟਨਾ ਦੀ ਰਿਪੋਰਟ ਮੰਗ ਲਈ ਹੈ। ਵੇਰਵਿਆਂ ਮੁਤਾਬਕ ਇਹ ਵਾਰਦਾਤ ਛਾਉਣੀ ਵਿਚਲੀ ਆਫ਼ੀਸਰਜ਼ ਮੈੱਸ ‘ਤੇ ਕਰੀਬ ਸਾਢੇ ਚਾਰ ਵਜੇ ਹੋਈ। ਘਟਨਾ ਤੋਂ ਫੌਰੀ ਬਾਅਦ ਛਾਉਣੀ ਨੂੰ ਮੁਕੰਮਲ ਤੌਰ ‘ਤੇ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ। ਸੀਲ ਕਰਨ ਤੋਂ ਬਾਅਦ ਕਈ ਘੰਟੇ ਤੱਕ ਇਲਾਕੇ ‘ਚ ਤਲਾਸ਼ੀ ਮੁਹਿੰਮ ਚੱਲੀ। ਉਧਰ ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਗੁਰਨੀਤ ਸਿੰਘ ਖੁਰਾਣਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ‘ਅੱਤਵਾਦੀ ਹਮਲਾ’ ਹੋਣ ਤੋਂ ਇਨਕਾਰ ਕੀਤਾ ਹੈ। ਇਸੇ ਤਰ੍ਹਾਂ ਬਠਿੰਡਾ ਜ਼ੋਨ ਦੇ ਏ.ਡੀ.ਜੀ.ਪੀ. ਐੱਸ.ਏ.ਐੱਸ. ਪਰਮਾਰ ਨੇ ਕਿਸੇ ਬਾਹਰੀ ਹਮਲੇ ਦੀਆਂ ਸੰਭਾਵਨਾਵਾਂ ਰੱਦ ਕਰਦਿਆਂ ਇਸ ਨੂੰ ਅੰਦਰੂਨੀ ਮਾਮਲਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਸੈਨਿਕ ਅਫ਼ਸਰਾਂ ਨੂੰ ਹਰ ਸੰਭਵ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਗੌਰਤਲਬ ਹੈ ਕਿ ਬਠਿੰਡਾ ਫੌਜੀ ਛਾਉਣੀ ਏਸ਼ੀਆ ਦੀਆਂ ਪ੍ਰਮੁੱਖ ਛਾਉਣੀਆਂ ‘ਚੋਂ ਇਕ ਹੈ। ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਹੋਈ ਇਸ ਗੋਲੀਬਾਰੀ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਐੱਸ.ਐੱਸ.ਪੀ. ਖੁਰਾਣਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਫਿਲਹਾਲ ਇਸ ਘਟਨਾ ਦਾ ਕੋਈ ਅੱਤਵਾਦੀ ਐਂਗਲ ਸਾਹਮਣੇ ਨਹੀਂ ਆ ਰਿਹਾ ਹੈ ਪਰ ਫਿਰ ਵੀ ਹਰ ਪਹਿਲੂ ‘ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਦੀ ਜਾਂਚ ਮੁਤਾਬਕ ਇਹ ਫ਼ੌਜ ਦਾ ਅੰਦਰੂਨੀ ਮਾਮਲਾ ਜਾਪ ਰਿਹਾ ਹੈ। ਫਾਇਰਿੰਗ ਕਿਸ ਵਲੋਂ ਕੀਤੀ ਗਈ ਹੈ, ਫਿਲਹਾਲ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।