ਕਾਂਟੇ ਦੀ ਟੱਕਰ ‘ਚ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਦੋ ਪੁਆਇੰਟ ਆਪਣੇ ਖਾਤੇ ‘ਚ ਜੋੜ ਲਏ। ਚੇਨਈ ਨੂੰ 176 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਦੇ ਜਵਾਬ ‘ਚ ਉਹ 172 ਦੌੜਾਂ ਹੀ ਬਣਾ ਸਕੀ ਤੇ 3 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ। ਹਾਲਾਂਕਿ ਮੈਚ ਅਖ਼ੀਰਲੀ ਗੇਂਦ ਤਕ ਗਿਆ ਪਰ ਅਖ਼ੀਰ ਜਿੱਤ ਰਾਜਸਥਾਨ ਰਾਇਲਜ਼ ਦੇ ਹੀ ਹੱਥ ਲੱਗੀ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 11 ਦੌੜਾਂ ‘ਤੇ ਯਸ਼ਸਵੀ ਜੈਸਵਾਲ ਦੀ ਵਿਕਟ ਡਿੱਗਣ ਤੋਂ ਬਾਅਦ ਜੋਸ ਬਟਲਰ ਤੇ ਪਾਡਿਕਲ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਜੋਸ ਬਟਲਰ ਨੇ 36 ਗੇਂਦਾਂ ‘ਚ 3 ਛਿੱਕਿਆਂ ਸਦਕਾ 52 ਦੌੜਾਂ ਦੀ ਪਾਰੀ ਖੇਡੀ ਪਾਡਿਕਲ (38), ਅਸ਼ਵਿਨ (30) ਅਤੇ ਹੈੱਟਮਾਇਰ (30) ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਇਨ੍ਹਾਂ ਪਾਰੀਆਂ ਸਦਕਾ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਦੀ ਟੀਮ ਨੂੰ 10 ਦੌੜਾਂ ਦੇ ਸਕੋਰ ‘ਤੇ ਹੀ ਰੁਤੂਰਾਜ ਗਾਇਕਵਾੜ ਦੇ ਰੂਪ ‘ਚ ਪਹਿਲਾ ਝਟਕਾ ਲੱਗਿਆ। ਗਾਇਕਵਾੜ 8 ਦੌੜਾਂ ਬਣਾ ਕੇ ਸੰਦੀਪ ਸ਼ਰਮਾ ਦੀ ਗੇਂਦ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਡੇਵਿਡ ਕਾਨਵੇ (50) ਤੇ ਅਜਿੰਕੇ ਰਹਾਣੇ (31) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਦੀ ਵਿਕਟ ਡਿੱਗਣ ਤੋਂ ਬਾਅਦ ਪਾਰੀ ਡਾਵਾਂਡੋਲ ਜ਼ਰੂਰ ਹੋਈ ਪਰ ਅਖ਼ੀਰ ‘ਚ ਰਵਿੰਦਰ ਜਡੇਜਾ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਅਖੀਰਲੇ ਓਵਰ ਤੱਕ ਪਹੁੰਚਾਇਆ। ਚੇਨਈ ਨੂੰ ਅਖ਼ੀਰਲੇ ਓਵਰ ‘ਚ 21 ਦੌੜਾਂ ਦੀ ਲੋੜ ਸੀ ਜੋ ਉਸ ਤੋਂ ਪੂਰੀਆਂ ਨਹੀਂ ਹੋ ਸਕਦੀਆਂ।