‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਸਬੰਧੀ ਬਟਾਲਾ ਪੁਲੀਸ ਨੇ ਬਟਾਲਾ ਦੇ ਰੇਲਵੇ ਸਟੇਸ਼ਨ ਸਣੇ ਕਈ ਥਾਵਾਂ ‘ਤੇ ਪੋਸਟਰ ਲਾਏ ਹਨ। ਰੇਲਵੇ ਸਟੇਸ਼ਨ ਦੀਆਂ ਕੰਧਾਂ ‘ਤੇ ਚਿਪਕਾਏ ਗਏ ਇਨ੍ਹਾਂ ਪੋਸਟਰਾਂ ‘ਚ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਨਾਲ ਲਿਖਿਆ ਹੈ, ‘ਉਕਤ ਤਸਵੀਰ ਅੰਮ੍ਰਿਤਪਾਲ ਸਿੰਘ ਦੀ ਹੈ, ਜੋ ਵੱਖ-ਵੱਖ ਕੇਸਾਂ ‘ਚ ਪੁਲੀਸ ਨੂੰ ਲੋੜੀਂਦਾ ਹੈ।’ ਅੰਮ੍ਰਿਤਪਾਲ ਸਬੰਧੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਅਤੇ ਉਸ ਦੀ ਪਛਾਣ ਗੁਪਤ ਰੱਖੇ ਜਾਣ ਸਮੇਤ ਇਸ ਪੋਸਟਰ ‘ਚ ਦੋ ਸੰਪਰਕ ਨੰਬਰ ਵੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹਾਲੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ (ਦਿਹਾਤੀ) ਦੀ ਪੁਲੀਸ ਨੇ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਬਟਾਲਾ ਤੋਂ ਮਹਿਜ਼ 15 ਕੁ ਕਿਲੋਮੀਟਰ ਦੀ ਦੂਰੀ ‘ਤੇ ਹੈ। ਆਮ ਲੋਕਾਂ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੰਜਾਬ ਪੁਲੀਸ ਹੁਣ ਛੇਤੀ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਸਬੰਧੀ ਡੀ.ਐੱਸ.ਪੀ. ਸਿਟੀ ਲਲਿਤ ਸ਼ਰਮਾ ਨੇ ਕਿਹਾ ਕਿ ਬਟਾਲਾ ਪੁਲੀਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਬਟਾਲਾ ਦੇ ਰੇਲਵੇ ਸਟੇਸ਼ਨ ਅਤੇ ਬਟਾਲਾ ਖੇਤਰ ਦੇ ਹਰ ਨਾਕੇ ‘ਤੇ ਅਜਿਹੇ ਪੋਸਟਰ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ‘ਹੈਬੀਅਸ ਕਾਰਪਸ’ ਪਟੀਸ਼ਨ ਉਤੇ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ 24 ਅਪ੍ਰੈਲ ਨੂੰ ਕਰੇਗਾ। ਇਸ ਪਟੀਸ਼ਨ ਤਹਿਤ ਅੰਮ੍ਰਿਤਪਾਲ ਨੂੰ ਅਦਾਲਤ ‘ਚ ਸਰੀਰਕ ਤੌਰ ਉਤੇ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਦਿਨ ਉਸ ਦੇ ਸਾਥੀਆਂ ਦੀਆਂ ਅਰਜ਼ੀਆਂ ਉਤੇ ਵੀ ਸੁਣਵਾਈ ਹੋਣੀ ਹੈ ਜਿਨ੍ਹਾਂ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਈ ਕੋਰਟ ਨੇ ਮੰਗਲਵਾਰ ਕਿਹਾ ਸੀ ਕਿ ਅੰਮ੍ਰਿਤਪਾਲ ਦੇ ਸਹਿਯੋਗੀਆਂ ਦੇ ਰਿਸ਼ਤੇਦਾਰਾਂ ਵੱਲੋਂ ਦਾਇਰ ਅਰਜ਼ੀਆਂ ਉਤੇ ਸੁਣਵਾਈ 24 ਨੂੰ ਹੋਵੇਗੀ। ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ, ਕੁਲਵੰਤ ਸਿੰਘ, ਵਰਿੰਦਰ ਸਿੰਘ ਫੌਜੀ, ਭਗਵੰਤ ਸਿੰਘ ਤੇ ਬਸੰਤ ਸਿੰਘ ਦੇ ਰਿਸ਼ਤੇਦਾਰਾਂ ਨੇ ਐੱਨ.ਐੱਸ.ਏ. ਦੇ ਹੁਕਮ ਰੱਦ ਕਰਨ ਦੀ ਮੰਗ ਕੀਤੀ ਹੈ। ਜਸਟਿਸ ਐੱਨ.ਐੱਸ. ਸ਼ੇਖਾਵਤ ਦੇ ਬੈਂਚ ਅੱਗੇ ਅੱਜ ਅੰਮ੍ਰਿਤਪਾਲ ਸਿੰਘ ਦੇ ਕਾਨੂੰਨੀ ਸਲਾਹਕਾਰ ਤੇ ਪਟੀਸ਼ਨਕਰਤਾ ਇਮਾਨ ਸਿੰਘ ਖਾਰਾ ਨੇ ਇਕ ਅਰਜ਼ੀ ਦਾਇਰ ਕਰਕੇ ਇਸ ਮਾਮਲੇ ਵਿਚ ਕੇਂਦਰ ਤੋਂ ਜਵਾਬ ਤਲਬ ਕਰਨ ਦੀ ਮੰਗ ਵੀ ਕੀਤੀ। ਖਾਰਾ ਨੇ ਪਹਿਲਾਂ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰ ਕੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਪੁਲੀਸ ਦੀ ‘ਗੈਰਕਾਨੂੰਨੀ ਹਿਰਾਸਤ’ ਵਿੱਚ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਿਛਲੀ ਸੁਣਵਾਈ ਵਿਚ ਅਦਾਲਤ ਨੂੰ ਜਾਣੂ ਕਰਾਇਆ ਸੀ ਕਿ ਪੂਰੇ ਯਤਨ ਕਰਨ ਤੋਂ ਬਾਅਦ ਵੀ ਅੰਮ੍ਰਿਤਪਾਲ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
ਪੁਲੀਸ ਨੇ ਅੰਮ੍ਰਿਤਪਾਲ ਦੀ ਭਾਲ ਲਈ ਪੋਸਟਰ ਲਾਏ, ਅਦਾਲਤ ‘ਚ ਸੁਣਵਾਈ 24 ਨੂੰ
Related Posts
Add A Comment