ਮੋਗਾ ਜ਼ਿਲ੍ਹੇ ਨਾਲ ਸਬੰਧਤ ਪਤੀ-ਪਤਨੀਆਂ ਦੀਆਂ ਅਮਰੀਕਾ ਦੇ ਪੰਜਾਬੀ ਬਹੁਗਿਣਤੀ ਵਾਲੇ ਸੂਬੇ ਕੈਲੀਫੋਰਨੀਆ ਦੀ ਸੈਂਟਰਲਵੈਲੀ ਦੇ ਸ਼ਹਿਰ ਮੈਨਟੀਕਾ ‘ਚੋਂ ਗੋਲੀ ਲੱਗੀਆਂ ਲਾਸ਼ਾਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੁਝ ਦੂਰੀ ‘ਤੇ ਜਾ ਕੇ ਪੰਜਾਬੀ ਮੂਲ ਦੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਪੁਲੀਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਸ਼ੁਰੂਆਤੀ ਜਾਂਚ ਦੌਰਾਨ ਇਸ ਨੂੰ ਘਰੇਲੂ ਝਗੜੇ ਨਾਲ ਜੁੜੀ ਘਟਨਾ ਮੰਨਿਆ ਜਾ ਰਿਹਾ ਹੈ। ਮ੍ਰਿਤਕ ਪੰਜਾਬੀ ਜੋੜੇ ਦੇ ਦੋਵੇਂ ਬੱਚੇ ਪੁਲੀਸ ਨੇ ਫੌਸਟਰ ਹੋਮ ਭੇਜ ਦਿੱਤੇ ਹਨ। ਵੇਰਵਿਆਂ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਬੌਡੇ ਨਾਲ ਸਬੰਧਤ 44 ਸਾਲਾ ਜਗਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਮੋਗਾ ਜ਼ਿਲ੍ਹੇ ਦੇ ਹੀ ਬੁੱਕਣਵਾਲਾ ਨਾਲ ਸਬੰਧਤ 36 ਸਾਲਾ ਸੰਦੀਪ ਕੌਰ ਨਾਲ ਮੈਨਟੀਕਾ ‘ਚ ਰਹਿ ਰਿਹਾ ਸੀ। ਦੋਹਾਂ ਦੇ ਦੋ ਬੱਚੇ ਹਨ ਜਿਨ੍ਹਾਂ ‘ਚੋਂ ਵੱਡੇ ਬੱਚੇ ਦੀ ਉਮਰ 6 ਸਾਲ ਜਦਕਿ ਛੋਟੇ ਦੀ 4 ਸਾਲ ਦੇ ਕਰੀਬ ਹੈ। ਮੀਡੀਆ ਖ਼ਬਰਾਂ ਮੁਤਾਬਕ ਡੈਵਿਡ ਸਟ੍ਰੀਟ ਦੇ 900 ਬਲਾਕ ਵਿੱਚੋਂ ਮੈਨਟੀਕਾ ਪੁਲੀਸ ਨੂੰ 12:30 ਵਜੇ ਦੇ ਕਰੀਬ ਫ਼ੋਨ ਆਇਆ ਅਤੇ ਜਦੋਂ ਪੁਲੀਸ ਮੌਕੇ ‘ਤੇ ਪਹੁੰਚੀ ਉਨ੍ਹਾਂ ਅਧਖੜ ਉਮਰ ਦੀ ਔਰਤ ਨੂੰ ਮ੍ਰਿਤਕ ਹਾਲਤ ‘ਚ ਪਾਇਆ ਜਿਸ ਦੇ ਗੋਲੀ ਲੱਗੀ ਹੋਈ ਸੀ। ਉਸ ਸਮੇਂ ਤੋਂ ਹੀ ਪਤੀ ਸ਼ੱਕੀ ਤੌਰ ‘ਤੇ ਪੁਲੀਸ ਦੇ ਰਡਾਰ ‘ਤੇ ਸੀ। ਉਸ ਪਿੱਛੋਂ ਪਤੀ ਦੀ ਲਾਸ਼ ਵੀ ਮੈਨਟੀਕਾ ਤੋਂ 55 ਮੀਲ ਦੂਰ ਸੈਂਟਾ-ਨੈਲਾ ਸ਼ਹਿਰ ਅਤੇ ਫਰੀਵੇਅ 5 ਦੇ ਨੇੜਲੇ ਖੇਤਾਂ ਵਿੱਚੋਂ ਮਿਲੀ। ਜਾਂਚ ਮਗਰੋਂ ਪੁਲੀਸ ਇਸ ਥਿਊਰੀ ‘ਤੇ ਕੰਮ ਕਰ ਰਹੀ ਹੈ ਕਿ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ ਅਤੇ ਲੱਗਦਾ ਹੈ ਕਿ ਪਤੀ ਨੇ ਪਹਿਲਾਂ ਘਰ ‘ਚ ਪਤਨੀ ਨੂੰ ਗੋਲੀ ਮਾਰੀ ਅਤੇ ਬਾਅਦ ‘ਚ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਆਂਢ-ਗੁਆਂਢ ‘ਚ ਰਹਿੰਦੇ ਪੰਜਾਬੀਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਕਤਲ ਹੋਈ ਔਰਤ ਦਾ ਨਾਮ ਸੰਦੀਪ ਕੌਰ ਹੈ ਜਿਸਦਾ ਪਿਛੋਕੜ ਪਿੰਡ ਬੁੱਕਣਵਾਲਾ ਜ਼ਿਲ੍ਹਾ ਮੋਗਾ ਹੈ। ਉਥੇ ਹੀ ਪਤੀ ਦਾ ਨਾਮ ਜਗਜੀਤ ਸਿੰਘ ਪਿੰਡ ਬੌਡੇ ਜ਼ਿਲ੍ਹਾ ਮੋਗਾ ਨਾਲ ਹੈ।