ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅੱਜ ਵਿਸਾਖੀ ਦੀ ਛੁੱਟੀ ਵਾਲੇ ਦਿਨ 7 ਘੰਟੇ ਤੱਕ ਪੁੱਛਗਿੱਛ ਕੀਤੀ। ਦੂਜੇ ਪਾਸੇ ਪੁੱਛਗਿੱਛ ਖ਼ਤਮ ਹੋਣ ਮਗਰੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਆ ਕੇ ਚੰਨੀ ਨੇ ਇਸ ਮਾਮਲੇ ਨੂੰ ਝੂਠਾ ਅਤੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ। ਸਾਬਕਾ ਮੁੱਖ ਮੰਤਰੀ ਚੰਨੀ ਅੱਜ ਸਵੇਰੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਪੁੱਜੇ ਜਿੱਥੇ ਲਗਾਤਾਰ 7 ਘੰਟੇ ਦੀ ਲੰਮੀ ਪੁੱਛਗਿੱਛ ਮਗਰੋਂ ਹੀ ਸ਼ਾਮ ਸਮੇਂ ਉਹ ਬਾਹਰ ਆ ਸਕੇ। ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਚੱਲਦਿਆਂ ਤਲਬ ਕੀਤਾ ਗਿਆ ਸੀ। ਪੁੱਛਗਿੱਛ ਖ਼ਤਮ ਹੋਣ ਮਗਰੋਂ ਦਫ਼ਤਰ ਤੋਂ ਬਾਹਰ ਨਿਕਲਦਿਆਂ ਹੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਧੱਕੇ ਨਾਲ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚੈਲੰਜ ਕੀਤਾ ਕਿ ਲਾਏ ਗਏ ਦੋਸ਼ ਸਾਬਤ ਕਰਕੇ ਦਿਖਾਉ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਚੰਨੀ ਕੋਲ 170 ਕਰੋੜ ਦੀ ਜਾਇਦਾਦ ਹੈ, ਇਸ ਦੇ ਪੁੱਤਰਾਂ ਕੋਲ ਬਹੁਤ ਮਹਿੰਗੀਆਂ ਗੱਡੀਆਂ ਹਨ, ਹੁਣ ਉਹ ਦੱਸਣ ਕਿ ਕਿੱਥੇ ਹਨ? ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਰਾਜਨੀਤਕ ਏਜੰਡਾ ਹੈ। ਇਸ ਸਾਜਿਸ਼ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਘਰ ਦੀ ਵੀ ਕੁਰਕੀ ਹੋਣ ਦੇ ਆਰਡਰ ਹੋਏ ਹਨ, ਜਿਸ ਉਤੇ ਹਾਈ ਕੋਰਟ ਵੱਲੋਂ ਸਟੇਅ ਲਈ ਹੋਈ ਹੈ। ਚਰਨਜੀਤ ਚੰਨੀ ਕਾਂਗਰਸ ਭਵਨ ਤੋਂ ਵਿਜੀਲੈਂਸ ਦਫ਼ਤਰ ਮੁਹਾਲੀ ਵਿਖੇ ਆਪਣੇ ਵਕੀਲਾਂ ਨਾਲ ਪਹੁੰਚੇ ਸਨ। ਕਾਂਗਰਸ ਭਵਨ ‘ਚ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ‘ਚ ਪ੍ਰੈੱਸ ਕਾਨਫਰੰਸ ਵੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ। ਯਾਦ ਰਹੇ ਕਿ ਪਹਿਲਾਂ ਚੰਨੀ ਨੂੰ ਵਿਜੀਲੈਂਸ ਨੇ 20 ਫਰਵਰੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਸੀ ਪਰ ਚੰਨੀ ਦੀ ਜਲੰਧਰ ਵਾਲੀ ਮੁੱਖ ਮੰਤਰੀ ਵਾਲ ਨਿਸ਼ਾਨੇ ਸੇਧਣ ਵਾਲੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਕੁਝ ਹੀ ਘੰਟੇ ਅੰਦਰ ਨਵਾਂ ਪੱਤਰ ਜਾਰੀ ਕਰਕੇ ਅੱਜ ਵਿਸਾਖੀ ਦੀ ਛੁੱਟੀ ਵਾਲੇ ਦਿਨ ਜਾਂਚ ਲਈ ਸੱਦ ਲਿਆ ਗਿਆ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਮਨ ‘ਚ ਵੀ ਸਾਬਕਾ ਮੁੱਖ ਮੰਤਰੀ ਚੰਨੀ ਦੀ ਜਾਇਦਾਦ ਨੂੰ ਲੈ ਕੇ ਗਲਤਫਹਿਮੀ ਸੀ, ਜੋ ਅੱਜ ਦੂਰ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਟੈਂਟ ਹਾਊਸ ਚਲਾ ਕੇ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਚੰਨੀ ਅੱਜ ਵੀ ਕਰਜ਼ੇ ‘ਚ ਡੁੱਬੇ ਹੋਏ ਹਨ ਅਤੇ ਹੋਰ ਸਾਬਕਾ ਮੁੱਖ ਮੰਤਰੀਆਂ ਨੇ ਵੱਡੇ-ਵੱਡੇ ਫਾਰਮ ਹਾਊਸ ਬਣਾ ਲਏ ਹਨ।