ਦਿੱਲੀ ਦੀ ਤਿਹਾੜ ਜੇਲ੍ਹ ‘ਚ ਹੋਈ ਗੈਂਗਵਾਰ ‘ਚ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਇਹ ਗੈਂਗਵਾਰ ਤਿਹਾੜ ਦੀ ਜੇਲ੍ਹ ਨੰਬਰ ਤਿੰਨ ‘ਚ ਸ਼ਾਮ ਸਮੇਂ ਹੋਈ ਅਤੇ ਇਸ ‘ਚ ਚਾਰ ਕੈਦੀ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀ ਕੈਦੀਆਂ ਨੂੰ ਦੀਨ ਦਿਆਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਪ੍ਰਿੰਸ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਰੋਹਿਤ ਚੌਧਰੀ ਗੈਂਗ ਦੇ ਮੈਂਬਰਾਂ ‘ਚ ਲੜਾਈ ਹੋਈ ਜਿਸ ਦੌਰਾਨ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਪ੍ਰਿੰਸ ਤੇਵਤੀਆ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ 16 ਕੇਸ ਦਰਜ ਕੀਤੇ ਸਨ। 2010 ਤੋਂ ਉਹ ਅਪਰਾਧਿਕ ਵਾਰਦਾਤਾਂ ‘ਚ ਸ਼ਾਮਲ ਰਿਹਾ ਹੈ। ਪ੍ਰਿੰਸ ਤੇਵਤੀਆ ਅਪਰਾਧ ਦੀ ਦੁਨੀਆ ‘ਚ ਆਪਣੀ ਖਾਸ ਜਗ੍ਹਾ ਬਣਾਉਣਾ ਚਾਹੁੰਦਾ ਸੀ ਜਿਸ ਦੇ ਲਈ ਉਸ ਨੇ ਲਾਰੈਂਸ ਬਿਸ਼ਨੋਈ ਵਰਗੇ ਵੱਡੇ ਗੈਂਗਸਟਰ ਨਾਲ ਹੱਥ ਮਿਲਾਇਆ ਹੋਇਆ ਸੀ। ਦੋਵਾਂ ਦੀ ਮੁਲਾਕਾਤ ਜੇਲ੍ਹ ‘ਚ ਹੀ ਹੋਈ ਸੀ। ਮ੍ਰਿਤਕ ਗੈਂਗਸਟਰ ਪ੍ਰਿੰਸ ਖ਼ਿਲਾਫ਼ 18 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ। ਸੂਤਰਾਂ ਅਨੁਸਾਰ ਜੇਲ੍ਹ ਨੰਬਰ 3 ‘ਚ ਦੋ ਗਰੁੱਪਾਂ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਚਾਰ ਗੈਂਗਸਟਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ‘ਚ ਪ੍ਰਿੰਸ ਤਿਵਾਤੀਆ ‘ਤੇ ਤੇਜ਼ਧਾਰ ਹਥਿਆਰਾਂ ਨਾਲ 7 ਤੋਂ 8 ਵਾਰ ਹਮਲਾ ਕੀਤਾ ਗਿਆ। ਸੂਚਨਾ ਤੋਂ ਬਾਅਦ ਤਿਹਾੜ ਪ੍ਰਸ਼ਾਸਨ ਨੇ ਤੁਰੰਤ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਪ੍ਰਿੰਸ ਤੇਵਤੀਆ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀਆਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀ ਗੈਂਗਸਟਰ ਤੋਂ ਪੁੱਛਗਿੱਛ ਕਰਕੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।