ਰਿੰਕੂ ਸਿੰਘ ਅਤੇ ਨਿਤੀਸ਼ ਰਾਣਾ ਦੀਆਂ ਸ਼ਾਨਦਾਰ ਪਾਰੀਆਂ ਕਲਕੱਤਾ ਨਾਈਟ ਰਾਈਡਰਜ਼ ਨੂੰ ਜਿੱਤ ਨਹੀਂ ਦਿਵਾ ਸਕੀਆਂ ਕਿਉਂਕਿ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ ਹੈਰੀ ਬਰੁੱਕ ਦੇ ਸੈਂਕੜੇ ਅੱਗੇ ਇਹ ਪਾਰੀਆਂ ਫਿੱਕੀਆਂ ਸਾਬਤ ਹੋਈਆਂ। ਇਸ ਤਰ੍ਹਾਂ ਆਈ.ਪੀ.ਐੱਲ. ਦੇ ਇਸ ਮੈਚ ‘ਚ ਕਲਕੱਤਾ ਦੀ ਟੀਮ ਹੈਦਰਾਬਾਦ ਹੱਥੋਂ 23 ਦੌੜਾਂ ਨਾਲ ਹਾਰ ਗਈ। ਕਲਕੱਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਦੀ ਟੀਮ ਨੂੰ ਹੈਰੀ ਬਰੁੱਕ ਨੇ ਸ਼ਾਨਦਾਰ ਸ਼ੁਰੂਆਤ ਦੁਆਈ ਤੇ 55 ਗੇਂਦਾਂ ‘ਚ 3 ਛਿੱਕਿਆਂ ਤੇ 12 ਚੌਕਿਆਂ ਸਦਕਾ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਪਤਾਨ ਮਾਰਕ੍ਰਮ ਨੇ ਵੀ 26 ਗੇਂਦਾਂ ‘ਚ ਅਰਧ ਸੈਂਕੜਾ ਜੜਿਆ। ਅਖ਼ੀਰ ‘ਚ ਅਭਿਸ਼ੇਕ ਸ਼ਰਮਾ ਤੇ ਕਲਾਸੇਨ ਨੇ ਵੀ ਤੇਜ਼ੀ ਨਾਲ ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਸਦਕਾ ਸਨਰਾਈਜ਼ਰਸ ਹੈਦਰਾਬਾਦ ਨੇ ਨਿਰਧਾਰਿਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 228 ਦੌੜਾਂ ਬਣਾਈਆਂ। 229 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਕਲਕੱਤਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਸਲਾਮੀ ਬੱਲੇਬਾਜ਼ ਰਹਿਮਾਨੁੱਲਾਹ ਗੁਰਬਾਜ਼ ਪਹਿਲੇ ਓਵਰ ‘ਚ ਹੀ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਏ। ਉਸ ਤੋਂ ਬਾਅਦ ਵੈਂਕਟੇਸ਼ ਅਈਅਰ ਤੇ ਸੁਨੀਲ ਨਾਰਾਇਣ ਵੀ ਛੇਤੀ ਵਿਕਟ ਗੁਆ ਬੈਠੇ। ਜਗਦੀਸ਼ਨ ਤੇ ਨੀਤਿਸ਼ ਰਾਣਾ ਨੇ ਟੀਮ ਦੀ ਪਾਰੀ ਨੂੰ ਸੰਭਾਲਿਆ। ਕਪਤਾਨ ਨੀਤਿਸ਼ ਰਾਣਾ ਨੇ 41 ਗੇਂਦਾਂ ‘ਚ 6 ਛਿੱਕਿਆਂ ਤੇ 5 ਚੌਕਿਆਂ ਸਦਕਾ 75 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵੀ ਰਿੰਕੂ ਸਿੰਘ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਅਖ਼ੀਰਲੇ ਓਵਰਾਂ ਤਕ ਮੈਚ ‘ਚ ਜਾਨ ਪਾਈ ਰੱਖੀ। ਉਸ ਨੇ 31 ਗੇਂਦਾਂ ‘ਚ 4 ਛਿੱਕਿਆਂ ਤੇ 4 ਚੌਕਿਆਂ ਸਦਕਾ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪਰ ਇਸ ਦੇ ਬਾਵਜੂਦ ਕਲਕੱਤਾ 20 ਓਵਰਾਂ ‘ਚ 205 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਇਹ ਮੁਕਾਬਲਾ 23 ਦੌੜਾਂ ਨਾਲ ਹਾਰ ਗਈ।