ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਜੋ ਕਿ ਮਰਹੂਮ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਹਨ, ਨੂੰ ਪਾਰਟੀ ‘ਚ ਸ਼ਾਮਲ ਕਰਨ ਸਮੇਂ ਕਾਂਗਰਸ ਨੂੰ ਝਟਕਾ ਦੇਣ ਦੀ ਗੱਲ ਆਖੀ ਸੀ। ਪਰ ਅੱਜ ਪੰਜ ਦਿਨ ਬਾਅਦ ਹੀ ਸੁਰਿੰਦਰ ਚੌਧਰੀ ਦੀ ‘ਘਰ ਵਾਪਸੀ’ ਹੋ ਗਈ ਭਾਵ ਉਹ ਕਾਂਗਰਸ ‘ਚ ਪਰਤ ਆਏ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਸੁਰਖੀਆਂ ‘ਚ ਛਾ ਗਈ ਅਤੇ ਕਈ ਇਸ ਨੂੰ ਲੈ ਕੇ ਹੈਰਾਨ ਵੀ ਹੋਏ ਕਿ ਇੰਨੀ ਛੇਤੀ ਕੀ ਘਟਨਾਕ੍ਰਮ ਵਾਪਰ ਗਿਆ ਜੋ ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਇਸ ਕਦਮ ਨਾਲ ਲਾਜ਼ਮੀ ਤੌਰ ‘ਤੇ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਹੈ ਕਿਉਂਕਿ ਪਹਿਲਾਂ ਹੀ ਹਾਕਮ ਧਿਰ ਲਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣੀ ਨੱਕ ਦਾ ਸਵਾਲ ਬਣੀ ਹੋਈ ਹੈ। ਜਲੰਧਰ ਦੀ ਲੋਕ ਸਭਾ ਸੀਟ ‘ਤੇ 10 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਪਹਿਲਾਂ ਜੋੜ-ਤੋੜ ਦੀ ਸਿਆਸਤ ਜ਼ੋਰਾਂ ‘ਤੇ ਚੱਲ ਹੀ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਚੁੰਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਮੁੱਖ ਮੰਤਰੀ ਨੇ ਹੀ ਕਰਤਾਰਪੁਰ ਰੈਲੀ ‘ਚ ਸੁਰਿੰਦਰ ਚੌਧਰੀ ਨੂੰ ਸ਼ਾਮਲ ਕੀਤਾ ਸੀ। ਉਹ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਉਮੀਦਵਾਰ ਕਰਮਜੀਤ ਸਿੰਘ ਦੇ ਮਰਹੂਮ ਪਤੀ ਚੌਧਰੀ ਸੰਤੋਖ ਸਿੰਘ ਦੇ ਭਤੀਜੇ ਹਨ। ਪਰ ਅੱਜ ਪੰਜ ਦਿਨ ਆਮ ਆਦਮੀ ਪਾਰਟੀ ‘ਚ ਰਹਿਣ ਮਗਰੋਂ ਉਹ ਕਾਂਗਰਸ ‘ਚ ਪਰਤ ਆਏ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਮੌਜੂਦਗੀ ‘ਚ ਚੌਧਰੀ ਸੁਰਿੰਦਰ ਸਿੰਘ ਨੇ ਕਾਂਗਰਸ ‘ਚ ਮੁੜ ਵਾਪਸੀ ਕਰ ਲਈ। ਇਸ ਸਮੇਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਅਵਤਾਰ ਹੈਨਰੀ ਤੇ ਹੋਰ ਕਾਂਗਰਸੀ ਆਗੂਆਂ ਦੀ ਮੌਜੂਦਗੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੰਗਰੇਜ਼ਾਂ ਵਾਲੀ ਫੁੱਟ ਪਾਓ ਰਾਜ ਕਰੋ ਦੀ ਨੀਤੀ ਤਹਿਤ ਚੌਧਰੀ ਪਰਿਵਾਰ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਚੋਣ ਸਿਰ ‘ਤੇ ਹੋਣ ਸਮੇਂ ਪਰਿਵਾਰ ਦੇ ਇਕ ਅਹਿਮ ਜੀਅ ਨੂੰ ‘ਗੁੰਮਰਾਹ’ ਕਰਕੇ ‘ਆਪ’ ਵਿੱਚ ਸ਼ਾਮਲ ਕੀਤਾ ਜੋ ਪੰਜ ਦਿਨ ‘ਚ ਹੀ ਅੱਖਾਂ ਖੁੱਲ੍ਹਣ ‘ਤੇ ਪਰਤ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਜ਼ਿਮਨੀ ਚੋਣ ‘ਚ ਕਾਂਗਰਸ ਦੀ ਜਿੱਤ ਯਕੀਨੀ ਹੈ।