ਉੱਤਰ ਪ੍ਰਦੇਸ਼ ਸਰਕਾਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਖਾਲਿਦ ਅਜੀਮ ਉਰਫ਼ ਅਸ਼ਰਫ ਦੀ ਪ੍ਰਯਾਗਰਾਜ ‘ਚ ਸ਼ਨਿਚਰਵਾਰ ਰਾਤ ਨੂੰ ਹੋਈ ਹੱਤਿਆ ਦੇ ਮਾਮਲੇ ‘ਚ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਕਾਇਮ ਕੀਤਾ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਤ੍ਰਿਪਾਠੀ ਦੀ ਅਗਵਾਈ ਹੇਠ ਸਾਬਕਾ ਡੀ.ਜੀ.ਪੀ. ਸੁਬੇਸ਼ ਕੁਮਾਰ ਸਿੰਘ ਅਤੇ ਸੇਵਾਮੁਕਤ ਜਸਟਿਸ ਬ੍ਰਜੇਸ਼ ਕੁਮਾਰ ਸੋਨੀ ਨੂੰ ਬਤੌਰ ਮੈਂਬਰ ਸ਼ਾਮਲ ਕਰਦਿਆਂ ਤਿੰਨ ਮੈਂਬਰੀ ਕਮਿਸ਼ਨ ਕਾਇਮ ਕੀਤਾ ਹੈ। ਕਮਿਸ਼ਨ ਨੂੰ ਮਾਮਲੇ ਦੀ ਜਾਂਚ ਦੇ ਦੋ ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਪਣੀ ਪਵੇਗੀ। ਸੂਬੇ ਦੇ ਗ੍ਰਹਿ ਵਿਭਾਗ ਨੇ ਜਾਂਚ ਕਮਿਸ਼ਨ ਕਾਨੂੰਨ, 1952 ਤਹਿਤ ਕਮਿਸ਼ਨ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ (60) ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਹੱਤਿਆ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਐੱਫ.ਆਈ.ਆਰ. ਦਰਜ ਕੀਤੀ। ਪੁਲੀਸ ਨੇ ਦੱਸਿਆ ਕਿ ਪ੍ਰਯਾਗਰਾਜ ਦੇ ਧੂਮਨਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਮੌਰਿਆ ਨੇ ਸ਼ਾਹਗੰਜ ਥਾਣੇ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਦਰਜ ਐੱਫ.ਆਈ.ਆਰ. ਮੁਤਾਬਕ ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਹੱਤਿਆ ਦੇ ਮਾਮਲੇ ‘ਚ ਲਵਲੇਸ਼ ਤਿਵਾਰੀ (ਬਾਂਦਾ), ਮੋਹਿਤ ਉਰਫ਼ ਸੰਨੀ (ਹਮੀਰਪੁਰ) ਅਤੇ ਅਰੁਣ ਮੌਰਿਆ (ਕਾਸਗੰਜ-ਏਟਾ) ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਨੂੰ ਤਿੰਨ ਹਮਲਾਵਰ ਦੀ ਅਤੀਕ ਅਹਿਮਦ (60) ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ 307 (ਹੱਤਿਆ ਦੀ ਕੋਸ਼ਿਸ਼) ਤੋਂ ਇਲਾਵਾ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।