ਭਾਰਤੀ ਸਰਹੱਦੀ ਖੇਤਰ ‘ਚੋਂ ਬੀ.ਐੱਸ.ਐੱਫ. ਨੇ ਲਗਪਗ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜੋ ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਭਾਰਤੀ ਖੇਤਰ ‘ਚ ਸੁੱਟੀ ਗਈ। ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਸਰਹੱਦੀ ਪਿੰਡ ਧਨੋਏ ਕਲਾਂ ਦੇ ਖੇਤਾਂ ‘ਚੋਂ ਮਿਲਿਆ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਗੋਲੀ ਚਲਾਈ ਗਈ ਸੀ ਪਰ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਪਰਤ ਗਿਆ। ਇਸ ਵੱਲੋਂ ਭਾਰਤੀ ਖੇਤਰ ‘ਚ ਕੋਈ ਚੀਜ਼ ਸੁਟੀ ਗਈ ਸੀ। ਜਦੋਂ ਬੀ.ਐੱਸ.ਐੱਫ. ਜਵਾਨਾਂ ਨੇ ਇਸ ਖੇਤਰ ਦੀ ਜਾਂਚ ਕੀਤੀ ਤਾਂ ਇਥੋਂ ਇਕ ਪੈਕਟ ਬਰਾਮਦ ਹੋਇਆ ਜਿਸ ‘ਚ 3 ਪੈਕਟ ਸਨ ਅਤੇ ਇਨ੍ਹਾਂ ‘ਚੋਂ ਲਗਭਗ ਤਿੰਨ ਕਿੱਲੋ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ ਹੈ। ਲੰਘੇ ਦਿਨ ਵੀ ਪਾਕਿਸਤਾਨ ਤੋਂ ਆਏ ਡਰੋਨ ਵੱਲੋਂ ਭਾਰਤੀ ਸਰਹੱਦੀ ਖੇਤਰ ‘ਚ ਪੈਕਟ ਸੁੱਟਿਆ ਗਿਆ ਸੀ ਜਿਸ ‘ਚੋਂ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ।