‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਮਦਦ ਕਰਨ ਦੇ ਦੋਸ਼ ਹੇਠ ਪੁਲੀਸ ਨੇ ਚਾਰ ਵਿਅਕਤੀਆਂ ਰਾਜਦੀਪ ਸਿੰਘ, ਓਂਕਾਰ ਨਾਥ, ਸਰਬਜੀਤ ਸਿੰਘ ਅਤੇ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਰਾਜਦੀਪ ਹੁਸ਼ਿਆਰਪੁਰ ਦੇ ਪਿੰਡ ਬਾਬਕ ਦਾ ਵਾਸੀ ਹੈ ਅਤੇ ਪੇਸ਼ੇ ਵਜੋਂ ਵਕੀਲ ਹੈ ਜਦਕਿ ਓਂਕਾਰ ਨਾਥ ਤੇ ਸਰਬਜੀਤ ਸਿੰਘ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਅਦਾਲਤ ‘ਚ ਪੇਸ਼ ਕਰਨ ਮਗਰੋਂ ਓਂਕਾਰ ਨਾਥ ਨੂੰ ਨਿਆਂਇਕ ਹਿਰਾਸਤ ਜਦਕਿ ਰਾਜਦੀਪ ਸਿੰਘ ਤੇ ਸਰਬਜੀਤ ਸਿੰਘ ਨੂੰ ਚਾਰ-ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਰਡਰ ਰੇਂਜ ਦੇ ਡੀ.ਆਈ.ਜੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜੋਗਾ ਸਿੰਘ ਜਦੋਂ ਕਾਰ ਰਾਹੀਂ ਹਰਿਆਣਾ ਤੋਂ ਪੰਜਾਬ ‘ਚ ਦਾਖ਼ਲ ਹੋਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਅਤੇ ਹੁਸ਼ਿਆਰਪੁਰ ਦੀ ਪੁਲੀਸ ਵੱਲੋਂ ਸਾਂਝੇ ਰੂਪ ‘ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋਗਾ ਸਿੰਘ 18 ਤੋਂ 28 ਮਾਰਚ ਤੱਕ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ। ਉਨ੍ਹਾਂ ਨਾਲ ਡਰਾਈਵਰ ਗੁਰਵੰਤ ਸਿੰਘ ਵੀ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਜੋਗਾ ਸਿੰਘ ਨੇ ਅੰਮ੍ਰਿਤਪਾਲ ਦੇ ਪੀਲੀਭੀਤ ‘ਚ ਠਹਿਰਾਅ ਦਾ ਪ੍ਰਬੰਧ ਕੀਤਾ ਸੀ। ਉਸ ਨੇ ਵਾਹਨ ਵੀ ਮੁਹੱਈਆ ਕਰਵਾਇਆ ਸੀ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਮੂਲ ਰੂਪ ‘ਚ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਉਹ ਉਥੋਂ ਦੇ ਇਕ ਗੁਰਦੁਆਰੇ ‘ਚ ਕਾਰ ਸੇਵਾ ਕਰਦਾ ਸੀ, ਜਿਥੋਂ ਉਸ ਨੂੰ ਪੀਲੀਭੀਤ ਭੇਜ ਦਿੱਤਾ ਗਿਆ ਸੀ।