ਇਕ ਵਾਰ ਫਿਰ ਅਮਰੀਕਾ ‘ਚ ਜਨਮ ਦਿਨ ਦੀ ਪਾਰਟੀ ‘ਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਇਕ ਮਾਸੂਮ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਅਲਬਾਮਾ ‘ਚ ਇਕ ਜਨਮ ਦਿਨ ਪਾਰਟੀ ਚੱਲ ਰਹੀ ਸੀ ਜਿਸ ‘ਚ 20 ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਡੇਡਵਿਲੇ ‘ਚ ਰਾਤ ਨੂੰ ਹੋਈ ਫਾਇਰਿੰਗ ‘ਚ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਇਕ ਲੜਕੀ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਡਾਂਸ ਸਟੂਡੀਓ ‘ਚ ਵਾਪਰੀ। ਰਾਜ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਫਾਇਰਿੰਗ ਦੀ ਘਟਨਾ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਘਟਨਾ ਨਾਲ ਜੁੜੀ ਵੀਡੀਓ ‘ਚ ਮੌਕੇ ‘ਤੇ ਭਾਰੀ ਪੁਲੀਸ ਫੋਰਸ ਨੂੰ ਦੇਖਿਆ ਜਾ ਸਕਦਾ ਹੈ। ਪੁਲੀਸ ਨੇ ਦੱਸਿਆ ਕਿ ਫਾਇਰਿੰਗ ਦੀ ਘਟਨਾ ਰਾਤ ਕਰੀਬ 10.30 ਵਜੇ ਵਾਪਰੀ। ਹਾਲਾਂਕਿ ਫਾਇਰਿੰਗ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮਰਨ ਵਾਲਿਆਂ ‘ਚ ਇਕ ਫੁਟਬਾਲ ਖਿਡਾਰੀ ਵੀ ਸ਼ਾਮਲ ਸੀ। ਓਧਰ ਮੱਧ ਮੈਕਸੀਕੋ ਦੇ ਇਕ ਰਿਜ਼ੌਰਟ ‘ਚ ਬੰਦੂਕਧਾਰੀਆਂ ਨੇ ਛੁੱਟੀਆਂ ਮਨਾ ਰਹੇ ਲੋਕਾਂ ‘ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਇਕ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਤਿੰਨ ਔਰਤਾਂ, ਤਿੰਨ ਪੁਰਸ਼ ਅਤੇ ਇਕ ਬੱਚਾ ਸ਼ਾਮਲ ਹਨ। ਗੁਆਨਾਜੁਆਟੋ ਰਾਜ ‘ਚ ਕੋਰਟਾਜ਼ਾਰ ਦੀ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਇਕ ਬਿਆਨ ‘ਚ ਕਿਹਾ ਕਿ ਲਾ ਪਾਲਮਾ ਰਿਜ਼ੌਰਟ ‘ਚ ਦੁਪਹਿਰ ਸਮੇਂ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਬਿਆਨ ‘ਚ ਹਮਲੇ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੇ ਸਪਾਅ ਸੈਂਟਰ ‘ਚ ਭੰਨਤੋੜ ਕੀਤੀ ਅਤੇ ਭੱਜਣ ਸਮੇਂ ਸੁਰੱਖਿਆ ਲਈ ਲੱਗੇ ਹੋਏ ਕੈਮਰੇ ਵੀ ਲੈ ਗਏ।