ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਕੈਲੀਫੋਰਨੀਆ ਗੁਰਦਆਰਾ ਫਾਇਰਿੰਗ ਮਾਮਲੇ ‘ਚ ਪੁਲੀਸ ਨੇ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਟਾਕਟਨ ਅਤੇ ਸੈਕਰਾਮੈਂਟੋ ਅਤੇ ਹੋਰ ਥਾਵਾਂ ਦੇ ਗੁਰਦੁਆਰਿਆਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਇਨ੍ਹਾਂ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਏ.ਕੇ-47 ਰਾਈਫਲ, ਪਿਸਤੌਲਾਂ ਅਤੇ ਮਸ਼ੀਨਗੰਨਾਂ ਵਰਗੇ ਹਥਿਆਰ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀਆਂ 20 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ। ਵੱਡੀ ਕਾਰਵਾਈ ਦੌਰਾਨ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ‘ਚ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਗ੍ਰਿਫ਼ਤਾਰ ਕੀਤੇ ਦੋ ਵਿਅਕਤੀ ਮਾਫੀਆ ਦੇ ਮੈਂਬਰ ਹਨ ਅਤੇ ਇੰਡੀਆ ‘ਚ ਕਈ ਕਤਲ ਕੇਸਾਂ ‘ਚ ਲੋੜੀਂਦੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀ ਇਕ ਵਿਰੋਧੀ ਅਪਰਾਧੀ ਗਰੋਹ ਦਾ ਹਿੱਸਾ ਹਨ ਅਤੇ ਕਥਿਤ ਤੌਰ ‘ਤੇ ਕਈ ਹਿੰਸਕ ਘਟਨਾਵਾਂ ਅਤੇ ਗੋਲੀਬਾਰੀ ‘ਚ ਸ਼ਾਮਲ ਹਨ, ਜਿਨ੍ਹਾਂ ‘ਚ ਸਟੱਰ, ਸੈਕਰਾਮੈਂਟੋ, ਸੈਨ ਜੋਆਕਿਨ, ਸੋਲਾਨੋ, ਯੋਲੋ ਅਤੇ ਮਰਸਡ ਕਾਉਂਟੀਆਂ ‘ਚ ਕਤਲ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ ‘ਤੇ 27 ਅਗਸਤ 2022 ਨੂੰ ਸਟਾਕਟਨ ਦੇ ਗੁਰਦੁਆਰੇ ‘ਚ ਗੋਲੀਬਾਰੀ ਅਤੇ 23 ਮਾਰਚ 2023 ਨੂੰ ਸੈਕਰਾਮੈਂਟੋ ਦੇ ਇਕ ਹੋਰ ਗੁਰਦੁਆਰੇ ‘ਚ ਗੋਲੀਬਾਰੀ ‘ਚ ਸ਼ਾਮਲ ਸਨ। ਉੱਤਰੀ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਟਾਕਟਨ ਘਟਨਾ ‘ਚ ਪੰਜ ਅਤੇ ਸੈਕਰਾਮੈਂਟੋ ਘਟਨਾ ‘ਚ ਦੋ ਲੋਕਾਂ ਨੂੰ ਗੋਲੀ ਲੱਗੀ ਸੀ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੋਬ ਬੋਂਟਾ, ਯੂਬਾ ਸਿਟੀ ਪੁਲਸ ਮੁਖੀ ਬ੍ਰਾਇਨ ਬੇਕਰ ਅਤੇ ਸੂਟਰ ਕਾਉਂਟੀ ਜ਼ਿਲ੍ਹਾ ਅਟਾਰਨੀ ਜੈਨੀਫ਼ਰ ਡੁਪਰੇ ਨੇ ਦੱਸਿਆ ਕਿ ਉੱਤਰੀ ਕੈਲੀਫੋਰਨੀਆ ‘ਚ 20 ਸਥਾਨਾਂ ‘ਤੇ ਇਕ ਵੱਡੇ ਸਰਚ ਵਾਰੰਟ ਆਪ੍ਰੇਸ਼ਨ ਦੌਰਾਨ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ। ਡੁਪਰੇ ਨੇ ਦੱਸਿਆ ਕਿ ਪੁਲੀਸ ਨੇ ਏ.ਕੇ-47 ਰਾਈਫਲਾਂ, ਪਿਸਤੌਲਾਂ ਅਤੇ ਇਕ ਮਸ਼ੀਨਗਨ ਸਮੇਤ 42 ਬੰਦੂਕਾਂ ਜ਼ਬਤ ਕੀਤੀਆਂ ਹਨ। ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਮਾਫੀਆ ਦੇ ਮੈਂਬਰ ਹਨ। ਲਗਭਗ 70,000 ਲੋਕਾਂ ਦੀ ਆਬਾਦੀ ਵਾਲੇ ਯੂਬਾ ਸਿਟੀ ਸ਼ਹਿਰ ‘ਚ ਸਿੱਖ ਭਾਈਚਾਰਾ ਬਹੁਤ ਵੱਡਾ ਹੈ ਅਤੇ ਇਸ ਨੂੰ ‘ਮਿੰਨੀ ਪੰਜਾਬ’ ਵਜੋਂ ਵੀ ਜਾਣਿਆ ਜਾਂਦਾ ਹੈ।