ਆਈ.ਪੀ.ਐੱਲ. 2023 ‘ਚ ਦਿੱਲੀ ਕੈਪੀਟਲਸ ਨੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਦਿੱਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ। ਇਸ ਮੈਚ ‘ਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 128 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਦਿੱਲੀ ਨੇ 19.2 ਓਵਰਾਂ ‘ਚ ਇਹ ਟੀਚਾ ਹਾਸਲ ਕਰ ਲਿਆ। ਇਸ ਦੇ ਨਾਲ ਹੀ ਦਿੱਲੀ ਨੇ ਆਈ.ਪੀ.ਐੱਲ. 2023 ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦਿੱਲੀ ਆਪਣੇ ਪੰਜ ਮੈਚਾਂ ਵਿੱਚੋਂ ਪੰਜ ਹਾਰ ਚੁੱਕੀ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਨੇ 41 ਗੇਂਦਾਂ ‘ਤੇ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਕਪਤਾਨ ਦੇ ਨਾਲ ਓਪਨਿੰਗ ਕਰਨ ਆਏ ਪ੍ਰਿਥਵੀ ਸ਼ਾਅ ਨੇ 13 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ ਅਤੇ ਫਿਲਿਪ ਸਾਲਟ ਸਸਤੇ ‘ਚ ਆਊਟ ਹੋ ਗਏ। ਮਾਰਸ਼ 2, ਜਦਕਿ ਸਾਲਟ 5 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਮਨੀਸ਼ ਪਾਂਡੇ ਨੇ 23 ਗੇਂਦਾਂ ‘ਚ 21 ਦੌੜਾਂ ਦੀ ਪਾਰੀ ਖੇਡੀ। ਅਮਨ ਹਕੀਮ ਖਾਨ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅੰਤ ‘ਚ ਅਕਸ਼ਰ ਪਟੇਲ ਨੇ ਅਜੇਤੂ 19 ਦੌੜਾਂ ਬਣਾਈਆਂ ਜਦਕਿ ਲਲਿਤ ਯਾਦਵ ਨੇ ਅਜੇਤੂ 4 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਦੀ ਟੀਮ 20 ਓਵਰਾਂ ‘ਚ 127 ਦੌੜਾਂ ‘ਤੇ ਸਿਮਟ ਗਈ। ਕੋਲਕਾਤਾ ਲਈ ਜੇਸਨ ਰਾਏ ਨੇ 39 ਗੇਂਦਾਂ ‘ਚ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਉਥੇ ਹੀ ਆਂਦਰੇ ਰਸਲ ਅੰਤ ਤੱਕ ਡਟੇ ਰਹੇ, ਉਨ੍ਹਾਂ ਨੇ 31 ਗੇਂਦਾਂ ‘ਚ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 38 ਦੌੜਾਂ ਬਣਾਈਆਂ। ਮਨਦੀਪ ਸਿੰਘ ਨੇ 12 ਦੌੜਾਂ ਦੀ ਤੀਜੀ ਸਭ ਤੋਂ ਵੱਡੀ ਪਾਰੀ ਖੇਡੀ ਜਦਕਿ ਕੋਲਕਾਤਾ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਦਿੱਲੀ ਲਈ ਇੰਸ਼ਾਤ ਸ਼ਰਮਾ, ਮਿਸ਼ੇਲ ਮਾਰਸ਼, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਨੂੰ 1 ਵਿਕਟ ਮਿਲੀ।