ਆਮ ਆਦਮੀ ਪਾਰਟੀ ਦਾ ਇਕ ਹੋਰ ਵਿਧਾਇਕ ਵਿਵਾਦਾਂ ‘ਚ ਘਿਰ ਗਿਆ ਹੈ ਕਿਉਂਕਿ ਉਸ ਦਾ ਪਿਤਾ ਇਕ ਕਾਰੋਬਾਰੀ ਪ੍ਰਾਪਰਟੀ ਡੀਲਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਪੁਲੀਸ ਨੇ ਐੱਫ.ਆਈ.ਆਰ. ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਵੇਰਵਿਆਂ ਮੁਤਾਬਕ ਜਲਾਲਾਬਾਦ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰਿੰਦਰ ਕੰਬੋਜ ਨੂੰ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਉਨ੍ਹਾਂ ਸੁਰਿੰਦਰ ਕੰਬੋਜ ਖ਼ਿਲਾਫ਼ ਮਾਮਲਾ ਕਰਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪਿਤਾ ਸਮੇਤ 4 ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 384, 389 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਸੁਰਿੰਦਰ ਕੰਬੋਜ ਨੇ ਉਸ ‘ਤੇ ਜਬਰ-ਜ਼ਿਨਾਹ ਦੇ ਝੂਠੇ ਕੇਸ ‘ਚ ਫਸਾਉਣ ਦਾ ਕੋਸ਼ਿਸ਼ ਕੀਤੀ ਅਤੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ। ਇਥੇ ਜ਼ਿਕਰਯੋਗ ਹੈ ਕਿ ਸੁਰਿੰਦਰ ਕੰਬੋਜ ਅਤੇ ਉਨ੍ਹਾਂ ਦੇ ਲੜਕੇ ਖ਼ਿਲਾਫ਼ ਪਹਿਲਾਂ ਵੀ ਕੁਝ ਮਾਮਲੇ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਕੇ ਇਨ੍ਹਾਂ ਪਰਚਿਆਂ ਦਾ ਚਿੱਠਾ ਸਾਹਮਣੇ ਰੱਖਿਆ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਬੰਟੀ ਰੋਮਾਣਾ ਨੇ ਕਿਹਾ ਕਿ ‘ਆਪ’ ਦਾ ਕੱਟੜ ਇਮਾਨਦਾਰ ਹੋਣ ਦਾ ਸੱਚ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ। ਓਧਰ ਮਾਮਲੇ ‘ਚ ਹੋਰ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ 65 ਸਾਲਾ ਪਿਤਾ ਸੁਰਿੰਦਰ ਕੰਬੋਜ ਨੂੰ ਪ੍ਰਾਪਰਟੀ ਡੀਲਰ ਨੂੰ ਕਥਿਤ ਬਲੈਕਮੇਲ ਕਰਨ ਅਤੇ ਉਸ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਰਫ਼ਾ-ਦਫ਼ਾ ਕਰਨ ਲਈ 10 ਲੱਖ ਰੁਪਏ ਵਸੂਲਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਉਸ ਕੋਲੋਂ 50,000 ਰੁਪਏ ਦੀ ਫਿਰੌਤੀ ਵੀ ਬਰਾਮਦ ਕੀਤੀ ਗਈ ਹੈ। ਐੱਫ.ਆਈ.ਆਰ. ਅਨੁਸਾਰ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵਾਸੀ ਜਲਾਲਾਬਾਦ ਨੇ ਦੋਸ਼ ਲਾਇਆ ਕਿ ਇਕ ਔਰਤ ਨੇ ਉਸ ਨੂੰ ਮਕਾਨ ਖਰੀਦਣ ਲਈ ਬੁਲਾਇਆ। ਸੁਨੀਲ ਨੇ ਉਸ ਨੂੰ ਘਰ ਦਿਖਾਇਆ ਅਤੇ ਬਾਅਦ ‘ਚ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਵਿਧਾਇਕ ਵਲੋਂ ਆਪਣੇ ਪਿਤਾ ਨਾਲ ਤੋੜ ਵਿਛੋੜਾ ਕੀਤਾ ਹੋਇਆ ਹੈ ਅਤੇ ਇਸ ਬਾਬਤ ਅਖ਼ਬਾਰਾਂ ‘ਚ ਕਾਨੂੰਨੀ ਨੋਟਿਸ ਵੀ ਕਾਫ਼ੀ ਦੇਰ ਪਹਿਲਾਂ ਕਢਵਾਏ ਹੋਏ ਹਨ। ਕੁਝ ਵੀ ਹੋਵੇ ਇਸ ਖ਼ਬਰ ਨੇ ਇਕ ਵਾਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਇਕ ਪਾਸੇ ਸਰਕਾਰ ਇਸ ਨੂੰ ਆਪਣੀ ਇਮਾਨਦਾਰੀ ਦਾ ‘ਸਬੂਤ’ ਦੱਸਦੀ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਹਾਕਮ ਧਿਰ ਦੇ ਰੱਦ ਕੇ ਭ੍ਰਿਸ਼ਟ ਹੋਣ ਦੇ ‘ਸਬੂਤ’ ਵਜੋਂ ਇਸ ਨੂੰ ਦਰਸਾ ਰਹੇ ਹਨ।