ਦੱਖਣੀ ਅਫਰੀਕਾ ਦੇ ਪੂਰਬੀ ਕਵਾਜ਼ੁਲੂ-ਨਟਾਲ ਸੂਬੇ ਦੇ ਪੀਟਰਮੈਰਿਟਜ਼ਬਰਗ ਸ਼ਹਿਰ ‘ਚ ਇਕ ਘਰ ‘ਚ ਸਮੂਹਿਕ ਗੋਲੀਬਾਰੀ ‘ਚ 7 ਔਰਤਾਂ ਅਤੇ ਇਕ ਬੱਚੇ ਸਣੇ ਇਕੋ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਭੇਕੀ ਸੇਲੇ ਨੇ ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਕਿਹਾ ਕਿ ਘੰਟਿਆਂ ਬਾਅਦ ਪੁਲੀਸ ਨਾਲ ਹੋਈ ਗੋਲੀਬਾਰੀ ‘ਚ ਇਕ ਸ਼ੱਕੀ ਮਾਰਿਆ ਗਿਆ ਅਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਚੌਥਾ ਸ਼ੱਕੀ ਦੌੜ ਗਿਆ ਪਰ ਉਸ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਸ਼ੁਰੂਆਤੀ ਖ਼ਬਰਾਂ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਸੰਨ੍ਹ ਲਗਾ ਕੇ ਘਰ ‘ਤੇ ਹਮਲਾ ਕੀਤਾ। ਗੋਲੀਬਾਰੀ ਦੀ ਘਟਨਾ ਵੀਰਵਾਰ ਰਾਤ ਜਾਂ ਸ਼ੁੱਕਰਵਾਰ ਤੜਕੇ ਹੋਈ। ਦੱਖਣੀ ਅਫਰੀਕਾ ਦੁਨੀਆ ‘ਚ ਸਭ ਤੋਂ ਵੱਧ ਮਨੁੱਖੀ ਕਤਲ ਦਰ ਵਾਲੇ ਦੇਸ਼ਾਂ ‘ਚੋਂ ਇਕ ਹੈ ਅਤੇ ਇਥੇ ਹਾਲ ਹੀ ਦੇ ਸਾਲਾਂ ‘ਚ ਵੱਡੀ ਪੱਧਰ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸਾਲ ਜਨਵਰੀ ‘ਚ ਦੱਖਣੀ ਤੱਟ ਦੇ ਸ਼ਹਿਰ ਗੇਕੇਬੇਰਾ ‘ਚ ਇਕ ਜਨਮ ਦਿਨ ਦੀ ਪਾਰਟੀ ‘ਚ 8 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।