ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਤੋਂ ਵਿਜੀਲੈਂਸ ਬਿਊਰੋ ਨੇ ਸਰੋਤਾਂ ਤੋਂ ਵੱਧ ਆਮਦਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪੁੱਛ-ਪੜਤਾਲ ਕੀਤੀ ਹੈ। ਵਿਜੀਲੈਂਸ ਦੇ ਮੁੱਖ ਦਫ਼ਤਰ ‘ਚ ਸੱਦ ਕੇ ਵਿਜੀਲੈਂਸ ਅਧਿਕਾਰੀਆਂ ਨੇ ਬਲਬੀਰ ਸਿੱਧੂ ਤੋਂ ਕਈ ਸਵਾਲ ਪੁੱਛੇ। ਵਿਜੀਲੈਂਸ ਨੇ ਸਾਬਕਾ ਮੰਤਰੀ ਤੋਂ ਸਿਹਤ ਵਿਭਾਗ ‘ਚ ਹੋਈਆਂ ਕਰੋੜਾਂ ਰੁਪਏ ਦੀਆਂ ਖ਼ਰੀਦਦਾਰੀਆਂ, ਜ਼ਮੀਨਾਂ ‘ਤੇ ਕਬਜ਼ੇ, ਰੇਤ ਮਾਈਨਿੰਗ, ਸ਼ਰਾਬ ਦੇ ਕਾਰੋਬਾਰ ‘ਤੇ ਏਕਾਅਧਿਕਾਰ ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਆਦਿ ਮਾਮਲਿਆਂ ਬਾਰੇ ਘੰਟਿਆਂਬੱਧੀ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਬਲਬੀਰ ਸਿੰਘ ਸਿੱਧੂ ਕਾਂਗਰਸ ਦੀ ਸਰਕਾਰ ਸਮੇਂ ਜਦੋਂ ਸਿਹਤ ਵਿਭਾਗ ਦੇ ਮੰਤਰੀ ਸਨ ਤਾਂ ਕਈ ਵਿੱਤੀ ਬੇਨਿਯਮੀਆਂ ਅਤੇ ਗੜਬੜੀਆਂ ਦੇ ਦੋਸ਼ਾਂ ਦੀਆਂ ਸ਼ਿਕਾਇਤਾਂ ਹਾਸਲ ਹੋਈਆਂ ਸਨ। ਇਸ ਲਈ ਸਾਬਕਾ ਸਿਹਤ ਮੰਤਰੀ ਨੂੰ ਕਰੋਨਾ ਦੇ ਸਮੇਂ ਦੌਰਾਨ ਸਰਕਾਰ ਵੱਲੋਂ ‘ਕਿੱਟਾਂ’ ਦੀ ਖ਼ਰੀਦ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਸਪੱਸ਼ਟ ਕਰਨ ਲਈ ਕਿਹਾ ਗਿਆ। ਇਸੇ ਤਰ੍ਹਾਂ ਕੁਝ ਹੋਰ ਕਥਿਤ ਬੇਨਿਯਮੀਆਂ ਬਾਰੇ ਵੀ ਪੁੱਛਗਿੱਛ ਕੀਤੀ ਗਈ। ਜ਼ਿਕਰਯੋਗ ਹੈ ਕਿ ‘ਆਪ’ ਦੇ ਸੱਤਾ ‘ਚ ਆਉਣ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦਾ ਭਰਾ ਜੀਤੀ ਸਿੱਧੂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਵਿਜੀਲੈਂਸ ਨੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਮੂਲੀਅਤ ਕਰਨ ਵਾਲੇ ਤੀਜੇ ਸਾਬਕਾ ਮੰਤਰੀ ਖਿਲਾਫ਼ ਜਾਂਚ ਆਰੰਭੀ ਹੈ। ਇਸ ਤੋਂ ਪਹਿਲਾਂ ਸ਼ਾਮ ਸੁੰਦਰ ਅਰੋੜਾ ਵਿਜੀਲੈਂਸ ਦੇ ਕਾਬੂ ਆ ਚੁੱਕੇ ਹਨ ਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਵਿਰੁੱਧ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਵਜ਼ਾਰਤ ‘ਚ ਮੰਤਰੀ ਰਹੇ ਹਨ। ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਖੁੱਸ ਗਿਆ ਸੀ। ਵਿਜੀਲੈਂਸ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਨੇ ਆਪਣੇ ਸਰਕਾਰੀ ਰੁਤਬੇ ਦੀ ਦੁਰਵਰਤੋਂ ਕਰ ਕੇ ਮੁਹਾਲੀ, ਰੋਪੜ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ‘ਚ ਜਾਇਦਾਦਾਂ ਬਣਾਈਆਂ। ਜਾਂਚ ‘ਚ ਸ਼ਾਮਲ ਹੋਣ ਤੋਂ ਬਾਅਦ ਵਿਜੀਲੈਂਸ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਕੋਲੋਂ ਜਾਇਦਾਦਾਂ ਸਬੰਧੀ ਲਿਖਤੀ ਰੂਪ ‘ਚ ਮੰਗਿਆ ਗਿਆ ਹੈ ਅਤੇ ਉਨ੍ਹਾਂ ਨੂੰ 5 ਮਈ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਂਜ ਸਿੱਧੂ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਵਿਜੀਲੈਂਸ ਦੇ ਪੁੱਛ ਪੜਤਾਲ ਦੇ ਢੰਗ ਤੋਂ ਖੁਸ਼ ਹਨ। ਜਾਂਚ ‘ਚ ਸ਼ਾਮਲ ਹੋਣ ਤੋਂ ਪਹਿਲਾਂ ਸਿੱਧੂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਉਸ ਦੀ ਤਮਾਮ ਜਾਇਦਾਦ ਰਿਕਾਰਡ ‘ਤੇ ਹੈ।