ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਬਰੈਂਪਟਨ ਦੀ ਸਟਰੀਟ ਦਾ ਨਾਮ ‘ਮੂਸਾ’ ਰੱਖਣ ਲਈ ਤਜਵੀਜ਼ ਪੇਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ 2016 ‘ਚ ਸਟੱਡੀ ਵੀਜ਼ੇ ‘ਤੇ ਬਤੌਰ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਇਆ ਸੀ ਅਤੇ ਕਾਫੀ ਸਮਾਂ ਬਰੈਂਪਟਨ ‘ਚ ਹੀ ਰਿਹਾ। ਇਸ ਤੋਂ ਬਾਅਦ ਹੀ ਉਹ ਗਾਇਕੀ ‘ਚ ਪ੍ਰਸਿੱਧ ਹੋਇਆ। ਬਰੈਂਪਟਨ ਸਟਰੀਟ ਨੂੰ ‘ਮੂਸਾ’ ਨਾਮ ਦੇਣ ਦੀ ਤਜਵੀਜ਼ ਬਰੈਂਪਟਨ ਦੇ ਡਿਪਟੀ ਮੇਅਰ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਿਟੀ ‘ਚ ਪੇਸ਼ ਕੀਤੀ ਗਈ ਹੈ। ਤਜਵੀਜ਼ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ ਹੈ ਅਤੇ ਅਜਿਹਾ ਹੋਣ ‘ਤੇ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਸਟਰੀਟ ਦਾ ਨਾਂ ਹੋ ਜਾਵੇਗਾ। ਹਰਕੀਰਤ ਸਿੰਘ ਨੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਸਿੱਧੂ ਮੂਸੇਵਾਲਾ ਇਕ ਅਹਿਮ ਸ਼ਖਸੀਅਤ ਹੈ। ਬਰੈਂਪਟਨ ਸਿਟੀ ਕੌਂਸਲ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ 29 ਮਈ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਈ ਜਾਣੀ ਹੈ। ਇਸ ਤੋਂ ਪਹਿਲਾਂ ਬਰੈਂਪਟਨ ਸ਼ਹਿਰ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਮਿਊਰਲ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤਹਿਤ 96 ਵਰਗ ਫੁੱਟ ਦੀ ਇਕ ਕੰਧ ‘ਤੇ ਪੇਂਟਿੰਗ ਬਣਾਈ ਗਈ ਹੈ। ਸੁਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਦੀਵਾਰ ‘ਤੇ 12 ਫੁੱਟ ਗੁਣਾ 8 ਫੁੱਟ ਦਾ ਪੇਂਟਿੰਗ ਬਣਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ। ਪੇਂਟਿੰਗ ਤਿਆਰ ਕਰਨ ਦਾ ਕੰਮ ਵਾਲੰਟੀਅਰ ਆਰਟਿਸਟਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਦਾ ਡਿਜ਼ਾਈਨ ਜੈਸਮਿਨ ਪਨੂੰ ਵੱਲੋਂ ਤਿਆਰ ਕੀਤਾ ਗਿਆ ਜਿਸ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਰਾਇਲ ਓਂਟਾਰੀਓ ਮਿਊਜ਼ੀਅਮ ਸਣੇ ਕਈ ਨਾਮੀ ਥਾਵਾਂ ‘ਤੇ ਲੱਗ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਿਛਲੇ ਸਾਲ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕੀ ‘ਚ ਵਿਸ਼ਵ ਪ੍ਰਸਿੱਧੀ ਖੱਟਣ ਤੋਂ ਬਾਅਦ ਉਹ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਵਿਖੇ ਹੀ ਰਹਿਣ ਲੱਗਾ ਸੀ ਜਿਥੇ ਉਸ ਨੇ ਸ਼ਾਨਦਾਰ ਵੱਡੀ ਹਵੇਲੀ ਤਿਆਰ ਕਰਵਾਈ ਸੀ। ਉਸ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ‘ਤੇ ਮਾਨਸਾ ਹਲਕੇ ਤੋਂ ਚੋਣ ਵੀ ਲੜੀ ਸੀ ਪਰ ਹਾਰ ਗਿਆ ਸੀ। ਸਿਟੀ ਆਫ ਬਰੈਂਪਟਨ ‘ਚ ਹਰਕੀਰਤ ਸਿੰਘ ਨੇ ਕਿਹਾ ਕਿ ਜੇਕਰ ਕੌਂਸਲ ਅਤੇ ਸਟਰੀਟ ਨੇਮਿੰਗ ਕਮੇਟੀ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ‘ਮੂਸਾ’ ਨੂੰ ਬਰੈਂਪਟਨ ‘ਚ ਭਵਿੱਖ ਦੇ ਸੰਭਾਵਿਤ ਸਟਰੀਟ ਨਾਵਾਂ ਦੀ ਸੂਚੀ ‘ਚ ਸ਼ਾਮਲ ਕੀਤਾ ਜਾਵੇਗਾ।