ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਗੁਜਰਾਤ ਦੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਲਖਨਊ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਲਖਨਊ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ ਤੇ 7 ਦੌੜਾਂ ਨਾਲ ਮੈਚ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਲੱਗਾ। ਸ਼ੁਭਮਨ ਆਪਣਾ ਖਾਤਾ ਵੀ ਨਾ ਖੋਲ੍ਹ ਸਕਿਆ ਅਤੇ ਸਿਫਰ ਦੇ ਸਕੋਰ ‘ਤੇ ਕਰੁਣਾਲ ਪੰਡਯਾ ਵਲੋਂ ਆਊਟ ਹੋਇਆ। ਗੁਜਰਾਤ ਨੂੰ ਦੂਜਾ ਝਟਕਾ ਰਿਧੀਮਾਨ ਸਾਹਾ ਦੇ ਆਊਟ ਹੋਣ ਨਾਲ ਲੱਗਾ। ਰਿਧੀਮਾਨ ਸਾਹਾ 6 ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾ ਕਰੁਣਾਲ ਪੰਡਯਾ ਵਲੋਂ ਆਊਟ ਹੋਇਆ। ਗੁਜਰਾਤ ਦੀ ਤੀਜੀ ਵਿਕਟ ਅਭਿਨਵ ਮਨੋਹਰ ਦੇ ਆਊਟ ਨਾਲ ਡਿੱਗੀ। ਅਭਿਨਵ 3 ਦੌੜਾਂ ਬਣਾ ਅਮਿਤ ਮਿਸ਼ਰਾ ਵਲੋਂ ਆਊਟ ਹੋਇਆ। ਵਿਜੇ ਸ਼ੰਕਰ 10 ਦੌੜਾਂ ਬਣਾ ਨਵੀਨ ਉਲ ਹਕ ਦਾ ਸ਼ਿਕਾਰ ਬਣਿਆ। ਕਪਤਾਨ ਹਾਰਦਿਕ ਪੰਡਯਾ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਆਊਟ ਹੋਏ। ਲਖਨਊ ਲਈ ਨਵੀਨ ਉਲ ਹੱਕ ਨੇ 1, ਕਰੁਣਾਲ ਪੰਡਯਾ ਨੇ 2, ਮਾਰਕਸ ਸਟੋਈਨਿਸ ਨੇ 2 ਤੇ ਅਮਿਤ ਮਿਸ਼ਰਾ ਨੇ 1 ਵਿਕਟਾਂ ਲਈਆਂ। ਲਖਨਊ ਲਈ ਕੇਐੱਲ ਰਾਹੁਲ ਨੇ 8 ਚੌਕਿਆਂ ਮਦਦ ਨਾਲ 68 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਰਾਹੁਲ ਤੋਂ ਇਲਾਵਾ ਕਾਇਲ ਮੇਅਰਸ ਨੇ 24, ਕਰੁਣਾਲ ਪੰਡਯਾ ਨੇ 23 ਤੇ ਨਿਕੋਲਸ ਪੂਰਨ ਨੇ 1 ਦੌੜ ਤੇ ਆਯੁਸ਼ ਬਡੋਨੀ ਨੇ 8 ਦੌੜਾਂ ਬਣਾਈਆਂ। ਗੁਜਰਾਤ ਲਈ ਰਾਸ਼ਿਦ ਖਾਨ ਨੇ 1, ਮੋਹਿਤ ਸ਼ਰਮਾ ਨੇ 2 ਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ।