12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੰਨਾ ਦੀ ਜੈਅੰਤੀ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਾਕਮ ਧਿਰ ਦੇ ਭਾਜਪਾ ਆਗੂਆਂ ਨੇ ਲਿੰਗਾਇਤ ਦਾਰਸ਼ਨਿਕ ਬਾਰੇ ਸਿਰਫ਼ ਭਾਸ਼ਣ ਹੀ ਦਿੱਤੇ ਹਨ, ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਨਹੀਂ ਕੀਤਾ। ਕਰਨਾਟਕ ਦੀ ਭਾਜਪਾ ਸਰਕਾਰ ਨੂੰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਕਰਾਰ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ‘ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ 224 ‘ਚੋਂ 150 ਸੀਟਾਂ ‘ਤੇ ਜਿੱਤ ਦਰਜ ਕਰੇਗੀ ਜਦਕਿ ਭਾਜਪਾ ਹਿੱਸੇ ਸਿਰਫ਼ 40 ਸੀਟਾਂ ਹੀ ਆਉਣਗੀਆਂ। ਉਨ੍ਹਾਂ ਠੇਕੇਦਾਰਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚਲੀ ਭਾਜਪਾ ਸਰਕਾਰ ਸਰਕਾਰੀ ਠੇਕੇਦਾਰਾਂ ਤੋਂ 40 ਫੀਸਦ ਕਮਿਸ਼ਨ ਮੰਗਦੀ ਹੈ। ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਬਸਵੰਨਾ ਨੇ ਕਿਹਾ ਕਿ ਡਰੋ ਨਹੀਂ, ਸੱਚ ਬੋਲੋ। ਜੇ ਅੱਜ ਅਸੀਂ ਭਾਜਪਾ ਤੇ ਆਰੇ.ਐੱਸ.ਐੱਸ. ਦੀ ਵਿਚਾਰਧਾਰਾ ਨੂੰ ਦੇਖੀਏ ਤਾਂ ਦੇਸ਼ ‘ਚ ਨਫਰਤ ਤੇ ਹਿੰਸਾ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਤੇ ਭਾਜਪਾ ਆਗੂ ਬਸਵੰਨਾ ਬਾਰੇ ਬੋਲਦੇ ਤਾਂ ਹਨ ਪਰ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਦੇ ਨਹੀਂ।’ ਉਨ੍ਹਾਂ ਕਿਹਾ, ‘ਬਸਵੰਨਾ ਨੇ ਸਮਾਜ ਦੇ ਗਰੀਬ ਤਬਕੇ ਦੀ ਮਦਦ ਕਰਨ ਲਈ ਕਿਹਾ ਹੈ, ਨਾ ਕਿ ਅਰਬਪਤੀਆਂ ਦੀ।’ ਰਾਹੁਲ ਨੇ ਕਿਹਾ, ‘ਮੈਂ ਬਸਵੰਨਾ ਦੀਆਂ ਸਿੱਖਿਆਵਾਂ ਪੜ੍ਹੀਆਂ ਹਨ। ਉਨ੍ਹਾਂ ਕਿਤੇ ਵੀ ਨਹੀਂ ਲਿਖਿਆ ਕਿ ਦੇਸ਼ ਦਾ ਪੈਸਾ ਅਡਾਨੀ ਨੂੰ ਦੇ ਦਿਉ। ਮੈਂ ਸੰਸਦ ‘ਚ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਦਾ ਅਡਾਨੀ ਨਾਲ ਕੀ ਰਿਸ਼ਤਾ ਹੈ? ਦੇਸ਼ ਦਾ ਸਾਰਾ ਪੈਸਾ, ਬੰਦਰਗਾਹਾਂ ਤੇ ਹਵਾਈ ਅੱਡੇ ਅਡਾਨੀ ਨੂੰ ਦਿੱਤੇ ਜਾ ਰਹੇ ਹਨ। ਤੁਹਾਡਾ ਰਿਸ਼ਤਾ ਕੀ ਹੈ?’ ਰਾਹੁਲ ਨੇ ਕਿਹਾ ਕਿ ਪਹਿਲਾਂ ਸੰਸਦ ‘ਚ ਸਵਾਲ ਪੁੱਛਣ ਸਮੇਂ ਉਨ੍ਹਾਂ ਦਾ ਮਾਈਕਰੋਫੋਨ ਬੰਦ ਕਰ ਦਿੱਤਾ ਗਿਆ। ਫਿਰ ਉਨ੍ਹਾਂ ਦਾ ਭਾਸ਼ਣ ਰਿਕਾਰਡ ‘ਚੋਂ ਕੱਢ ਦਿੱਤਾ ਗਿਆ ਤੇ ਅਖੀਰ ‘ਚ ਉਨ੍ਹਾਂ ਨੂੰ ਹੀ ਲੋਕ ਸਭਾ ‘ਚੋਂ ਕੱਢ ਦਿੱਤਾ ਗਿਆ। ਰਾਹੁਲ ਨੇ ਕਿਹਾ, ‘ਉਹ ਸੋਚਦੇ ਹਨ ਕਿ ਸੱਚ ਸਿਰਫ਼ ਲੋਕ ਸਭਾ ‘ਚ ਹੀ ਬੋਲਿਆ ਜਾ ਸਕਦਾ ਹੈ ਪਰ ਇਹ ਹਰ ਥਾਂ ਬੋਲਿਆ ਜਾ ਸਕਦਾ ਹੈ ਤੇ ਇਥੋਂ ਤੱਕ ਕਿ ਇਥੇ ਵੀ।’ ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਕਰਨਾਟਕ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਐੱਮ.ਬੀ. ਪਾਟਿਲ ਅਤੇ ਕਰਨਾਟਕ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਤੀਸ਼ ਜਾਰਕੀਹੋਲੀ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਦਿਨੇ ਰਾਹੁਲ ਨੇ ਸ਼ਿਵਾਜੀ ਸਰਕਲ ਤੋਂ ਕਨਕਦਾਸ ਸਰਕਲ ਤੱਕ ਰੋਡ ਸ਼ੋਅ ਵੀ ਕੱਢਿਆ ਜਿਸ ‘ਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।