ਆਈ.ਪੀ.ਐੱਲ. ਦੇ ਖੇਡੇ ਗਏ ਦੋ ਮੈਚਾਂ ‘ਚੋਂ ਗਲੇਨ ਮੈਕਸਵੈੱਲ ਤੇ ਫਾਫ ਡੂ ਪਲੇਸਿਸ ਦੀ ਤਾਬੜਤੋੜ ਬੱਲੇਬਾਜ਼ੀ ਤੋਂ ਬਾਅਦ ਹਰਸ਼ਲ ਪਟੇਲ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਦੂਜੇ ਮੈਚ ‘ਚ ਅਜਿੰਕਯ ਰਹਾਨੇ ਤੇ ਸ਼ਿਵਮ ਦੂਬੇ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਤੇਜ਼-ਤਰਾਰ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਚੇਨਈ ਸੁਪਰ ਕਿੰਗਜ਼ ਆਈ.ਪੀ.ਐੱਲ. ਟੀ-20 ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾ ਕੇ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ। ਰਹਾਨੇ ਨੇ 29 ਗੇਂਦਾਂ ‘ਚ 5 ਛੱਕਿਆਂ ਤੇ 6 ਚੌਕਿਆਂ ਨਾਲ ਅਜੇਤੂ 71 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਦੂਬੇ (21 ਗੇਂਦਾਂ ‘ਚ 50 ਦੌੜਾਂ) ਦੇ ਨਾਲ ਤੀਜੀ ਵਿਕਟ ਲਈ ਸਿਰਫ 32 ਗੇਂਦਾਂ ‘ਚ 85 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸੁਪਰ ਕਿੰਗਜ਼ ਨੇ 4 ਵਿਕਟਾਂ ‘ਤੇ 235 ਦੌੜਾਂ ਬਣਾਈਆਂ, ਜਿਹੜਾ ਈਡਨ ਗਾਰਡਨ ‘ਤੇ ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਹੈ। ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੀ ਬਦੌਲਤ ਟੀਮ ਨੇ ਆਖਰੀ 8 ਓਵਰਾਂ ‘ਚ 126 ਦੌੜਾਂ ਜੋੜੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ (56) ਨੇ ਵੀ ਅਰਧ ਸੈਂਕੜਾ ਲਾਇਆ। ਸੁਪਰ ਕਿੰਗਜ਼ ਨੇ ਆਖਰੀ-8 ਓਵਰਾਂ ‘ਚ 126 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਨਾਈਟ ਰਾਈਡਰਜ਼ ਦੀ ਟੀਮ ਜੈਸਨ ਰਾਏ (61) ਤੇ ਰਿੰਕੂ ਸਿੰਘ (ਅਜੇਤੂ 53) ਦੇ ਅਰਧ ਸੈਂਕੜਿਆਂ ਦੇ ਬਾਵਜੂਦ 8 ਵਿਕਟਾਂ ‘ਤੇ 188 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਸੁਪਰ ਕਿੰਗਜ਼ ਦੇ 7 ਮੈਚਾਂ ‘ਚੋਂ 5 ਜਿੱਤਾਂ ਨਾਲ 10 ਅੰਕ ਹੋ ਗਏ ਹਨ ਤੇ ਟੀਮ ਅੰਕ ਸੂਚੀ ਵਿਚ ਚੋਟੀ ‘ਤੇ ਪਹੁੰਚ ਗਈ ਹੈ। ਨਾਈਟ ਰਾਈਡਰਜ਼ ਦੀ ਟੀਮ ਚਾਰ ਅੰਕਾਂ ਨਾਲ 8ਵੇਂ ਸਥਾਨ ‘ਤੇ ਹੈ। ਕੋਲਕਾਤਾ ਦੇ ਕਪਤਾਨ ਨਿਤਿਸ਼ ਰਾਣਾ ਨੇ ਟਾਸ ਜਿੱਤ ਕੇ ਸੁਪਰ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਕਾਨਵੇ ਤੇ ਗਾਇਕਵਾੜ (35) ਨੇ 7.3 ਓਵਰਾਂ ‘ਚ 73 ਦੌੜਾਂ ਜੋੜ ਕੇ ਇਕ ਵਾਰ ਫਿਰ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਦੋਵਾਂ ਨੇ ਪਾਵਰਪਲੇਅ ‘ਚ ਬਿਨਾਂ ਵਿਕਟ ਗੁਆਏ 59 ਦੌੜਾਂ ਜੋੜੀਆਂ। ਗਾਇਕਵਾੜ ਨੇ ਉਮੇਸ਼ ਯਾਦਵ ਦੀ ਮੈਚ ਦੀ ਪਹਿਲੀ ਗੇਂਦ ‘ਤੇ ਚੌਕੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ‘ਚ ਛੱਕਾ ਲਾਇਆ। ਕਾਨਵੇ ਨੇ ਵੀ ਡੇਵਿਸ ਵੀਸੇ ਤੇ ਵਰੁਣ ਚੱਕਰਵਰਤੀ ਦੀਆਂ ਗੇਂਦਾਂ ਨੂੰ ਦਰਸ਼ਕਾਂ ਵਿਚਾਲੇ ਪਹੁੰਚਾਇਆ। ਗਾਇਕਵਾੜ ਨੇ ਸੁਨੀਲ ਨਾਰਾਇਣ ਦਾ ਸਵਾਗਤ ਲਗਾਤਾਰ ਗੇਂਦਾਂ ‘ਤੇ ਚੌਕੇ ਤੇ ਛੱਕੇ ਨਾਲ ਕੀਤਾ ਪਰ ਅਗਲੇ ਓਵਰ ‘ਚ ਸੂਯਸ਼ ਸ਼ਰਮਾ ਦੀ ਗੇਂਦ ‘ਤੇ ਬੋਲਡ ਹੋ ਗਿਆ। ਉਸ ਨੇ 20 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕੇ ਤੇ ਤਿੰਨ ਛੱਕੇ ਲਾਏ। ਕਾਨਵੇ ਨੇ ਨਾਰਾਇਣ ‘ਤੇ ਛੱਕੇ ਤੇ ਸੂਯਸ਼ ‘ਤੇ ਇਕ ਦੌੜ ਦੇ ਨਾਲ 34 ਗੇਂਦਾਂ ‘ਚ ਲਗਾਤਾਰ ਚੌਥਾ ਅਰਧ ਸੈਂਕੜਾ ਪੂਰਾ ਕੀਤਾ। ਅਜਿੰਕਯ ਰਹਾਨੇ ਇਕ ਵਾਰ ਫਿਰ ਚੰਗੀ ਲੈਅ ਵਿਚ ਦਿਸਿਆ। ਉਸ ਨੇ ਸੂਯਸ਼ ਦੇ ਲਗਾਤਾਰ ਓਵਰਾਂ ‘ਚ ਚੌਕੇ ਮਾਰੇ। ਟੀਮ ਦੀਆਂ ਦੌੜਾਂ ਦਾ ਸੈਂਕੜਾ 11ਵੇਂ ਓਵਰ ‘ਚ ਪੂਰਾ ਹੋਇਆ ਪਰ ਅਗਲੇ ਓਵਰ ‘ਚ ਕਾਨਵੇ ਵਰੁਣ ਚੱਕਰਵਰਤੀ ਦੀ ਗੇਂਦ ‘ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ‘ਚ ਲਾਂਗ ਆਫ ‘ਤੇ ਵੀਸੇ ਨੂੰ ਕੈਚ ਦੇ ਬੈਠਾ। ਉਸ ਨੇ 40 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਚਾਰ ਚੌਕੇ ਤੇ ਤਿੰਨ ਛੱਕੇ ਲਾਏ। ਸ਼ਿਵਮ ਦੂਬੇ ਨੇ 13ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੱਕਰਵਰਤੀ ‘ਤੇ ਛੱਕੇ ਮਾਰੇ ਜਦਕਿ ਉਮੇਸ਼ ਯਾਦਵ ਦੇ ਅਗਲੇ ਓਵਰ ਦੀਆਂ ਸ਼ੁਰੂਆਤੀ ਤਿੰਨ ਗੇਂਦਾਂ ‘ਤੇ ਰਹਾਨੇ ਨੇ ਦੋ ਛੱਕੇ ਤੇ ਇਕ ਚੌਕਾ ਲਾਇਆ। ਇਸ ਓਵਰ ‘ਚ ਦੂਬੇ ਨੇ ਵੀ ਚੌਕਾ ਲਾਇਆ। ਦੂਬੇ ਨੇ ਵੀਸੇ ਦੀਆਂ ਲਗਾਤਾਰ ਗੇਂਦਾਂ ‘ਤੇ ਛੱਕੇ ਤੇ ਚੌਕੇ ਨਾਲ 15ਵੇਂ ਓਵਰ ‘ਚ ਟੀਮ ਦਾ ਸਕੋਰ 150 ਦੌੜਾਂ ਦੇ ਪਾਰ ਪਹੁੰਚਾਇਆ। ਰਹਾਨੇ ਨੇ ਆਂਦ੍ਰੇ ਰਸੇਲ ਦੀ ਗੇਂਦ ‘ਤੇ ਚੌਕੇ ਦੇ ਨਾਲ 24 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ ਜਦਕਿ ਦੂਬੇ ਨੇ ਕੁਲਵੰਤ ਖੇਜਰੋਲੀਆ ‘ਤੇ ਛੱਕੇ ਨਾਲ ਸਿਰਫ 20 ਗੇਂਦਾਂ ‘ਚ ਇਹ ਉਪਲੱਬਧੀ ਹਾਸਲ ਕੀਤੀ। ਦੂਬੇ ਹਾਲਾਂਕਿ ਕੁਲੰਵਤ ਦੀ ਅਗਲੀ ਗੇਂਦ ‘ਤੇ ਇਕ ਹੋਰ ਛੱਕਾ ਲਾਉਣ ਦੀ ਕੋਸ਼ਿਸ਼ ‘ਚ ਜੈਸਨ ਰਾਏ ਨੂੰ ਕੈਚ ਦੇ ਬੈਠਾ। ਉਸ ਨੇ 21 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕੇ ਤੇ ਪੰਜ ਛੱਕੇ ਮਾਰੇ। ਰਹਾਨੇ ਨੇ ਮੋਰਚਾ ਸੰਭਾਲੀ ਰੱਖਿਆ। ਉਸ ਨੇ 19ਵੇਂ ਓਵਰ ‘ਚ ਚੱਕਰਵਰਤੀ ਦੀਆਂ ਲਗਾਤਾਰ ਗੇਂਦਾਂ ‘ਤੇ ਦੋ ਛੱਕੇ ਮਾਰੇ ਪਰ ਫਿਰ ਪੈਵੇਲੀਅਨ ਪਰਤ ਗਿਆ। ਸੂਯਸ਼ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 29 ਦੌੜਾਂ ਦੇ ਕੇ 1 ਵਿਕਟ ਲਈ ਤੇ ਕਾਫ਼ੀ ਮਹਿੰਗੇ ਸਾਬਤ ਹੋਏ। ਕੁਲਵੰਤ (44 ਦੌੜਾਂ ‘ਤੇ 2 ਵਿਕਟਾਂ) ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ।