ਪੰਜ ਕੋਰੀਅਨ ਔਰਤਾਂ ਨੂੰ ਪਹਿਲਾਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕਰਨ ਅਤੇ ਫਿਰ ਉਨ੍ਹਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਇਕ ਭਾਰਤੀ ਮੂਲ ਦਾ ਵਿਅਕਤੀ ਪਾਇਆ ਗਿਆ ਹੈ। ਆਸਟਰੇਲੀਆ ‘ਚ ਰਹਿੰਦੇ ਭਾਰਤੀ ਮੂਲ ਦੇ ਬਾਲੇਸ਼ ਧਨਖੜ ‘ਤੇ ਇਹ ਦੋਸ਼ ਲੱਗੇ ਹਨ। ਧਨਖੜ ‘ਤੇ ਦੋਸ਼ ਸੀ ਕਿ ਉਸ ਨੇ ਸਿਡਨੀ ‘ਚ ਪੰਜ ਕੋਰੀਅਨ ਔਰਤਾਂ ਨੂੰ ਪਹਿਲਾਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕੀਤਾ ਅਤੇ ਫਿਰ ਉਨ੍ਹਾਂ ਨਾਲ ਜਬਰ-ਜਨਾਹ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਬਲੇਸ਼ ਧਨਖੜ ਸਿਆਸੀ ਤੌਰ ‘ਤੇ ਸਰਗਰਮ ਵਿਅਕਤੀ ਹੈ ਅਤੇ ਉਸ ਨੇ ਇਕ ਨਹੀਂ ਸਗੋਂ ਪੰਜ ਕੋਰੀਅਨ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ ‘ਚ ਫਸਾਇਆ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਨ੍ਹਾਂ ਨਾਲ ਜਬਰ-ਜਨਾਹ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਡਾਊਨਿੰਗ ਸੈਂਟਰ ਦੀ ਜ਼ਿਲ੍ਹਾ ਅਦਾਲਤ ਨੇ ਪੂਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਧਨਖੜ ਨੂੰ ਦੋਸ਼ੀ ਠਹਿਰਾਇਆ। ਸਿਡਨੀ ਹੇਰਾਲਡ ਅਖ਼ਬਾਰ ਦੀ ਇਕ ਰਿਪੋਰਟ ਦੇ ਅਨੁਸਾਰ ਬਲੇਸ਼ ਧਨਖੜ ਆਸਟਰੇਲੀਆ ‘ਚ ਭਾਜਪਾ ਦੇ ਓਵਰਸੀਜ਼ ਫਰੈਂਡਜ਼ ਦੇ ਸਾਬਕਾ ਪ੍ਰਧਾਨ ਸਨ। ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਕਿ ਧਨਖੜ ਨੇ ਕੋਰੀਅਨ ਔਰਤਾਂ ਨਾਲ ਜਬਰ-ਜਿਨਾਹ ਦੀ ਘਟਨਾ ਨੂੰ ਗੁਪਤ ਕੈਮਰੇ ਰਾਹੀਂ ਰਿਕਾਰਡ ਕੀਤਾ। ਮੀਡੀਆ ਰਿਪੋਰਟਾਂ ‘ਚ ਬਾਲੇਸ਼ ਨੂੰ ਸਿਡਨੀ ਦੇ ਇਤਿਹਾਸ ‘ਚ ਸਭ ਤੋਂ ਘਿਨਾਉਣਾ ਬਲਾਤਕਾਰੀ ਮੰਨਿਆ ਗਿਆ ਹੈ। ਸੋਮਵਾਰ ਨੂੰ ਜਦੋਂ ਉਥੋਂ ਦੀ ਅਦਾਲਤ ਨੇ ਫ਼ੈਸਲਾ ਸੁਣਾਇਆ ਤਾਂ ਧਨਖੜ ਰੋਣ ਲੱਗ ਪਿਆ। ਜਾਣਕਾਰੀ ਮੁਤਾਬਕ ਧਨਖੜ ਨੇ ਕੋਰੀਅਨ ਔਰਤਾਂ ਨੂੰ ਆਪਣੇ ਜਾਲ ‘ਚ ਫਸਾਉਣ ਲਈ ਝੂਠ ਬੋਲਿਆ ਸੀ ਕਿ ਉਸ ਦਾ ਆਪਣੀ ਪਤਨੀ ਨਾਲ ਸਬੰਧ ਟੁੱਟ ਗਿਆ ਹੈ ਅਤੇ ਹੁਣ ਉਹ ਇਕੱਲਾ ਹੈ। ਹਾਲਾਂਕਿ ਧਨਖੜ ਨੂੰ ਦੋਸ਼ੀ ਠਹਿਰਾਉਂਦੇ ਸਮੇਂ ਉਸ ਦੀ ਪਤਨੀ ਵੀ ਰੋ ਪਈ ਸੀ। ਉਸ ਨੇ ਵੀ ਆਪਣੇ ਪਤੀ ਦਾ ਪੱਖ ਲਿਆ। ਦੱਸਦੇਈਏ ਕਿ 2018 ‘ਚ ਪੁਲੀਸ ਨੇ ਕਈ ਅਜਿਹੇ ਵੀਡੀਓ ਬਰਾਮਦ ਕੀਤੇ ਸਨ ਜਿਸ ‘ਚ ਧਨਖੜ ਦੇ ਕਈ ਹੋਰ ਔਰਤਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਸੀ। ਅਜਿਹੇ ਹੀ ਇਕ ਵੀਡੀਓ ‘ਚ ਧਨਖੜ ਬੇਹੋਸ਼ ਔਰਤਾਂ ਨਾਲ ਜਬਰ-ਜਨਾਹ ਕਰਦਾ ਨਜ਼ਰ ਆਇਆ ਸੀ।