ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਜਾਂਚ ਲਈ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ 2400 ਤੋਂ ਵੱਧ ਪੰਨਿਆਂ ਦੀ ਇਕ ਹੋਰ ਸਪਲੀਮੈਂਟਰੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕੀਤੀ ਹੈ। ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਚ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਉਸ ਸਮੇਂ ਗ੍ਰਹਿ ਵਿਭਾਗ ਵੀ ਸੀ ਅਤੇ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਯੂ/ਐੱਸ 173(8) ਪੇਸ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਇਸ ‘ਚ ਮੁੱਖ ਸਾਜ਼ਿਸ਼ਘਾੜੇ ਦੱਸਿਆ ਹੈ। ਇਸ ਤੋਂ ਇਲਾਵਾ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਹਿ-ਸਾਜ਼ਿਸ਼ਕਰਤਾ ਅਤੇ ਸੂਤਰਧਾਰ ਦੱਸਿਆ ਹੈ ਜਦਕਿ ਪਰਮਰਾਜ ਸਿੰਘ ਉਮਰਾਨਗਲ ਸਹਿ-ਸਾਜ਼ਿਸ਼ਕਰਤਾ, ਸੂਤਰਧਾਰ ਦੱਸਿਆ ਹੈ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਵੀ ਸਹਿ-ਸਾਜ਼ਿਸ਼ਕਰਤਾ ਅਤੇ ਗੁਪਤ ਸਾਜ਼ਿਸ਼ ਰਚਣ ਵਾਲਾ ਆਖਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਇਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦੇ ਕਰੀਬ 5-5 ਹਿੱਸੇ ਹਨ ਜੋ ਕਰੀਬ 2400 ਪੇਜ਼ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਕੋਈ ਨਵਾਂ ਮੁਲਜ਼ਮ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤਫਤੀਸ਼ ਜਾਰੀ ਹੈ ਜਦੋਂ ਵੀ ਕੋਈ ਨਵੇਂ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੇਅਦਬੀ ਦੀ ਘਟਨਾ ਤੋਂ ਬਾਅਦ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ‘ਚ ਸਿੱਖ ਸੰਗਤ ਨੇ ਧਰਨਾ ਦਿੱਤਾ ਸੀ ਜਿੱਥੇ ਇਹ ਗੋਲੀ ਕਾਂਡ ਵਾਪਰਿਆ ਸੀ। ਉਸ ਤੋਂ ਹੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ ਭਖਿਆ ਆ ਰਿਹਾ ਹੈ ਅਤੇ ਇਸ ਨੇ ਸਿਆਸੀ ਉਥਲ ਪੁਥਲ ਵੀ ਮਚਾਈ।