ਘਰ ਦੀ ਮੁਰੰਮਤ ‘ਤੇ 45 ਕਰੋੜ ਰੁਪਏ ਖਰਚ ਕਰਨ ਅਤੇ ਉਸ ਘਰ ‘ਚ 8-8 ਲੱਖ ਰੁਪਏ ਦਾ ਇਕ-ਇਕ ਪਰਦਾ ਲਵਾਉਣ ਵਾਲਾ ਆਮ ਆਦਮੀ ਨਹੀਂ ਹੋ ਸਕਦਾ। ਇਸ ਲਈ ਹੁਣ ਆਮ ਆਦਮੀ ਪਾਰਟੀ ਨੂੰ ਨਾਂ ਬਦਲ ਕੇ ‘ਖਾਸ ਆਦਮੀ ਪਾਰਟੀ’ ਕਰਨ ਲੈਣਾ ਚਾਹੀਦਾ ਹੈ। ਇਹ ਸਲਾਹ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਬਾਰੇ ਜੋ ਖੁਲਾਸੇ ਹੋਏ ਹਨ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਰਾਘਵ ਚੱਢਾ ਦੀ ਚੰਡੀਗੜ੍ਹ ਰਿਹਾਇਸ਼ ਸਮੇਤ ਕੇਜਰੀਵਾਲ ਦੇ ਪਦਚਿੰਨ੍ਹਾ ‘ਤੇ ਚੱਲੇ ਪੰਜਾਬ ਦੇ ‘ਆਪ’ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਦਾ ਰਹਿਣ-ਸਹਿਣ ਵੀ ਮੀਡੀਆ ਜਨਤਕ ਕਰੇ। ਜਗਰਾਉਂ ‘ਚ ਕਈ ਦਿਨਾਂ ਤੋਂ ਮੰਡੀਆਂ ‘ਚ ਲਿਫਟਿੰਗ ਦੀ ਸਮੱਸਿਆ ਤੋਂ ਪੈਦਾ ਹੋਏ ਰੇੜਕੇ ਅਤੇ ਦਰਜ ਪਰਚੇ ਸਬੰਧੀ ਬਿੱਟੂ ਇਥੇ ਟਰੱਕ ਯੂਨੀਅਨ ‘ਚ ਪੁੱਜੇ ਹੋਏ ਸਨ। ਉਨ੍ਹਾਂ ਕਾਂਗਰਸੀ ਕੌਂਸਲਰ ਤੇ ਯੂਨੀਅਨ ਪ੍ਰਧਾਨ ਮੇਸ਼ੀ ਸਹੋਤਾ ‘ਤੇ ਦਰਜ ਦੂਜੇ ਪਰਚੇ ਦੀ ਸਖ਼ਤ ਨਿਖੇਧੀ ਕਰਦਿਆਂ ਟਰੱਕ ਯੂਨੀਅਨ ਦੇ ਕਮੇਟੀ ਮੈਂਬਰਾਂ, ਮੁਨਸ਼ੀ ਅਤੇ ਪੁਰਾਣੇ ਠੇਕੇਦਾਰ ਰਾਮ ਲੁਭਾਇਆ ਵਿੱਕੀ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਕੇ ਉਲਟਾ ਇਹ ਪਰਚਾ ਦਰਜ ਕਰਵਾਉਣ ਵਾਲੇ ਖ਼ਿਲਾਫ਼ ਕਾਰਵਾਈ, ਨਵੇਂ ਠੇਕੇਦਾਰ ਦਾ ਟੈਂਡਰ ਰੱਦ ਕਰਕੇ ਟਰੱਕ ਯੂਨੀਅਨ ਨੂੰ ਕੰਮ ਦੇਣ ਦੀ ਮੰਗ ਕੀਤੀ। ਜਗਰਾਉਂ ਸਮੇਤ ਇਲਾਕੇ ਦੀਆਂ ਚੌਵੀ ਮੰਡੀਆਂ ‘ਚ ਪੈਦਾ ਵਰਤਮਾਨ ਸੰਕਟ ਲਈ ਉਨ੍ਹਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਨਿਯਮਾਂ ਤੇ ਕਾਨੂੰਨ ਮੁਤਾਬਕ ਚੱਲਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਕਿਸੇ ਦਾ ਹੱਥ ਠੋਕਾ ਨਾ ਬਣਨ ਕਿਉਂਕਿ ਬਾਅਦ ‘ਚ ਕਿਸੇ ਨੇ ਨਹੀਂ ਬਚਾਉਣਾ। ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ‘ਚ ਇਹ ਮਾਮਲਾ ਲਿਆਂਦਾ ਸੀ ਪਰ ਹਾਹਾਕਾਰ ਮੱਚਣ ਮਗਰੋਂ ਵੀ ਹਾਲੇ ਤੱਕ ਕੋਈ ਨਤੀਜਾ ਨਹੀਂ ਨਿੱਕਲਿਆ। ਫੌਰੀ ਮਸਲਾ ਹੱਲ ਹੋਣ ‘ਤੇ ਉਨ੍ਹਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਹਾਕਮ ਧਿਰ ਆਪਣੇ ਤੇ ਆਪਣੇ ਚਹੇਤਿਆਂ ਦੇ ਢਿੱਡ ਭਰਨ ਲਈ ਗਰੀਬ ਟਰੱਕ ਅਪਰੇਟਰਾਂ, ਪੱਲੇਦਾਰਾਂ ਤੇ ਮਜ਼ਦੂਰਾਂ ਦਾ ਢਿੱਡ ਨਹੀਂ ਕੱਟ ਸਕਦੀ। ਇਸ ਸਮੇਂ ਸੰਸਦ ਮੈਂਬਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇਸ ਸਮੇਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਮੇਤ ਹੋਰ ਕਾਂਗਰਸੀ ਹਾਜ਼ਰ ਸਨ। ਉਪਰੰਤ ਇਹ ਆਗੂ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਮਿਲੇ ਅਤੇ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ।